ਹੁਸ਼ਿਆਰਪੁਰ: ਸੜਕ 'ਤੇ ਭੀੜ ਘੱਟ ਕਰਨ ਤੇ ਡਬਲ ਵੇਅ ਰੋਡ ਲਈ ਡਿਵਾਈਡਰ ਬਣਾਏ ਜਾਂਦੇ ਹਨ। ਮੁੱਖ ਤੌਰ 'ਤੇ ਡਿਵਾਈਡਰ ਰਾਹਗੀਰਾਂ ਦੀ ਸਹੂਲਤ ਲਈ ਬਣਾਏ ਜਾਂਦੇ ਹਨ, ਪਰ ਹੁਸ਼ਿਆਰਪੁਰ ਦੇ ਚੱਬੇਵਾਲ ਰੋਡ 'ਤੇ ਬਣਿਆ ਡਿਵਾਈਡਰ ਸਥਾਨਕ ਲੋਕਾਂ, ਦੁਕਾਨਦਾਰਾਂ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ।
ਸਥਾਨਕ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਕਿਹਾ ਕਿ ਚੱਬੇਵਾਲ ਰੋਡ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਏ ਦਿਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛੇ ਤੋਂ ਆ ਰਹੀ ਸੜਕ ਸਿੰਗਲ ਵੇਅ ਹੈ, ਜਿਸ ਕਾਰਨ ਰਾਹਗੀਰਾਂ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਰਾਹ ਡਿਵਾਈਡਰ ਨਾਲ ਡਬਲ ਵੇਅ 'ਚ ਹੈ। ਲੋਕਾਂ ਨੇ ਦੱਸਿਆ ਇਹ ਡਿਵਾਈਡਰ ਮਹਿਜ਼ 5 ਤੋਂ 6 ਕਿੱਲੋਮੀਟਰ ਤੱਕ ਬਣਾਇਆ ਗਿਆ ਹੈ। ਇਸ ਕਾਰਨ ਰਾਹਗੀਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਚਾਨਕ ਸਿੰਗਲ ਰੋਡ ਤੋਂ ਡਬਲ ਰੋਡ 'ਤੇ ਆਉਣ ਕਾਰਨ ਤੇਜ਼ ਰਫ਼ਤਾਰ ਵਾਹਨ ਡਿਵਾਈਡਰ ਨਾਲ ਟੱਕਰਾ ਜਾਂਦੇ ਹਨ ਅਤੇ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ।
ਪਿਛਲੇ ਦਿਨੀਂ ਚੱਬਿਆ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਜਿਆਣ ਨੇੜੇ ਇੱਕ ਟਰੱਕ ਡਿਵਾਈਡਰ ਨਾਲ ਟੱਕਰਾ ਜਾਣ ਕਾਰਨ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਹਿਲ ਕਰਦਿਆਂ ਸਥਾਨਕ ਟੋਲ ਮਾਲਕ ਤੇ ਪੰਜਾਬ ਸਰਕਾਰ ਨੂੰ ਇਸ ਰੋਡ ਤੋਂ ਇਸ ਡਿਵਾਈਡਰ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਡਿਵਾਈਡਰ ਰਾਹਗੀਰਾਂ ਦੀ ਸਹੂਲਤ ਲਈ ਬਣੇ ਹੁੰਦੇ ਹਨ, ਪਰ ਇੱਥੇ ਇਸ ਡਿਵਾਈਡਰ ਕਾਰਨ ਆਏ ਦਿਨ ਰਾਹਗੀਰ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਕਈ ਲੋਕ ਇਸ ਕਾਰਨ ਗੰਭੀਰ ਜ਼ਖਮੀ ਵੀ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਜੇਕਰ ਇਹ ਡਿਵਾਈਡਰ ਨਾ ਹਟਾਇਆ ਗਿਆ ਤਾਂ ਇਹ ਆਮ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਇਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਇਸ ਡਿਵਾਈਡਰ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੋ ਵੱਧ-ਵੱਧ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।