ਹੁਸ਼ਿਆਰਪੁਰ: ਕਸਬਾ ਦਸੂਹਾ 'ਚ ਇੱਕ ਠੱਗ ਨੇ ਇੱਕ ਗ਼ਰੀਬ ਪਰਿਵਾਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਮੁਲਜ਼ਮ ਨੇ ਬਜ਼ੁਰਗ ਵਿਅਕਤੀ ਦਾ ਧੋਖੇ ਨਾਲ ਏਟੀਐਮ ਕਾਰਡ ਬਦਲ ਦਿੱਤਾ ਤੇ ਬਜ਼ੁਰਗ ਦੀ ਸਾਰੀ ਜਮਾ ਪੂੰਜੀ ਸਾਫ ਕਰ ਦਿੱਤੀ।
ਪੀੜਤ ਬਜ਼ੁਰਗ ਵਿਅਕਤੀ ਧਰਮਪਾਲ ਨੇ ਦੱਸਿਆ ਕਿ ਉਹ ਆਪਣੀ ਧੀ ਲਈ ਕਿਤਾਬ ਖਰੀਦਣ ਲਈ ਏਟੀਐਮ ਚੋਂ ਰੁਪਏ ਕਢਵਾਉਣ ਲਈ ਗਿਆ ਸੀ। ਉਥੇ ਇੱਕ ਵਿਅਕੀਤ ਖੜਾ ਸੀ, ਉਸ ਵਿਅਕਤੀ ਨੇ ਧਰਮਪਾਲ ਨੂੰ ਏਟੀਐਮ 'ਚ ਦਿੱਕਤ ਆਉਣ ਦੀ ਗੱਲ ਆਖੀ। ਧਰਮਪਾਲ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਕਿਸ ਵੇਲੇ ਉਸ ਵਿਅਕਤੀ ਨੇ ਉਸ ਦਾ ਏਟੀਐਮ ਕਾਰਡ ਬਦਲ ਦਿੱਤਾ। ਜਿਵੇਂ ਉਹ ਘਰ ਪੁੱਜਾ ਤਾਂ ਉਸ ਨੂੰ ਅਕਾਉਂਟ ਚੋਂ ਲਗਾਤਾਰ ਰੁਪਏ ਕਢਾਉਣ ਦੇ ਮੈਸੇਜ ਆਉਣ ਲੱਗੇ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਪਰ ਛੇ ਮਹੀਨੇ ਬੀਤ ਜਾਣ ਮਗਰੋਂ ਵੀ ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੀੜਤ ਨੇ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਪੁਲਿਸ ਜਲਦ ਤੇ ਚੰਗੇ ਤਰੀਕੇ ਨਾਲ ਜਾਂਚ ਕਰਦੀ ਹੈ ਤਾਂ ਉਸ ਨੂੰ ਇਨਸਾਫ ਮਿਲ ਸਕਦਾ ਹੈ।
ਇਸ ਮਾਮਲੇ 'ਚ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਇੰਚਾਰਜ ਯਾਦਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਲਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ। ਇਸ ਮਾਮਲੇ 'ਚ ਪੀੜਤ ਦੇ ਖਾਤੇ ਚੋਂ ਇੱਕ ਪੈਟਰੋਲ ਪੰਪ 'ਤੇ ਕੁੱਝ ਰੁਪਇਆਂ ਦੇ ਲੈਣ-ਦੇਣ ਦੀ ਡਿਟੇਲ ਮਿਲੀ ਸੀ, ਜਿਸ ਦੀ ਪੁਲਿਸ ਪੜਤਾਲ ਕਰ ਰਹੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਆਖੀ ਹੈ।