ਹੁਸ਼ਿਆਰਪੁਰ: ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਵੱਖ-ਵੱਖ ਸਲੋਗਨਾਂ ਨਾਲ ਸਥਾਨਕ ਸੈਸ਼ਨ ਚੌਕ ਤੋਂ ਲੈ ਕੇ ਕਮਾਲਪੁਰ ਚੌਕ ਤੱਕ ਰੋਸ ਰੈਲੀ ਵੀ ਕੱਢੀ ਗਈ।
ਇਸ ਸਬੰਧੀ ਆਪ ਆਗੂ ਦਾ ਕਹਿਣਾ ਕਿ ਦਿਨ ਪਰ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ, ਜਿਸ ਕਾਰਨ ਆਮ ਵਰਗ ਨੂੰ ਜਿੰਦਗੀ ਵਸਰ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਵਿਰੋਧੀ ਧਿਰ 'ਚ ਸੀ ਤਾਂ ਇੰਨਾਂ ਵਲੋਂ ਮਹਿੰਗਾਈ ਖਿਲਾਫ਼ ਝੰਡਾ ਚੁੱਕਿਆ ਜਾਂਦਾ ਸੀ, ਪਰ ਹੁਣ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ਼ ਚੁੱਪ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਕੇਂਦਰ ਦੀਆਂ ਪੈੜਾਂ 'ਤੇ ਚੱਲ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਕੇਂਦਰ ਆਮ ਵਰਗ ਨਾਲ ਕੀਮਤਾਂ ਵਧਾ ਕੇ ਧੱਕਾ ਕਰ ਰਹੀ ਤਾਂ ਕੈਪਟਨ ਸਰਕਾਰ ਵਲੋਂ ਵੀ ਵੈਟ 'ਚ ਕੁਝ ਰਾਹਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ:ਗੁਰਦਾਸਪੁਰ : ਰਵੀਕਰਨ ਕਾਹਲੋਂ ਘਰ ਨੇੜਿਉਂ ਮਿਲਿਆ ਹਥਿਆਰਾਂ ਦਾ ਜ਼ਖ਼ੀਰਾ