ਹੁਸ਼ਿਆਰਪੁਰ: ਪਿੰਡ ਤਲਵੰਡੀ ਡੱਡੀਆਂ ਵਿੱਚ ਗੰਨ ਪੁਆਇੰਟ 'ਤੇ ਪਾਦਰੀ ਨੂੰ ਜ਼ਖ਼ਮੀ ਕਰਕੇ ਕਾਰ ਖੋਹਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਖਿਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਮਾਮਲਾ ਬੇਰਸ਼ਵਾ ਚਰਚ ਟਾਂਡਾ ਦੇ ਪਾਦਰੀ ਵਿਜੇ ਨੰਦਾ ਦੇ ਬਿਆਨਾਂ ਦੇ ਅਧਾਰ ਤੇ ਮੰਗਲ ਵਾਸੀ ਜੱਬੋਵਾਲ (ਬੇਗੋਵਾਲ) ਕਪੂਰਥਲਾ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ਼ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਵਿਜੇ ਨੰਦਾ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਨੀਲਮ ਕੁਮਾਰੀ ਪਤਨੀ ਰਮੇਸ਼ ਕੁਮਾਰ ਦੇ ਘਰੋਂ ਬੰਦਗੀ ਕਰ ਕੇ 10 ਵਜੇ ਦੇ ਕਰੀਬ ਬਾਹਰ ਨਿਕਲਿਆ ਤਾਂ ਬਾਹਰ ਉਕਤ ਮੁਲਜ਼ਮ ਪਿੰਡ ਵਾਸੀ ਕੋਲੋਂ ਕਿਸੇ ਦਾ ਪਤਾ ਪੁੱਛ ਰਹੇ ਸਨ। ਜਦੋ ਉਕਤ ਲੜਕੇ ਨੇ ਪਤਾ ਦੱਸਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਉਨ੍ਹਾਂ ਉਸਨੂੰ ਧਮਕਾਇਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਨੌਜਵਾਨ ਉਨ੍ਹਾਂ ਕੋਲੋਂ ਭੱਜ ਨਿਕਲਿਆ ਅਤੇ ਬਾਅਦ ਵਿੱਚ ਉਕਤ ਮੁਲਜ਼ਮਾਂ ਨੇ ਉਸਦੇ ਸਿਰ 'ਤੇ ਪਿਸਤੌਲ ਮਾਰੀ ਅਤੇ ਹਵਾਈ ਫਾਇਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਬਦਮਾਸ਼ ਗੰਨ ਪੁਆਇੰਟ 'ਤੇ ਉਸਨੂੰ ਗੱਡੀ ਵਿੱਚੋਂ ਕੱਢਕੇ ਸਵਿਫਟ ਡਿਜ਼ਾਇਰ ਖੋਹ ਕੇ ਜਹੂਰਾ ਵੱਲ ਫਰਾਰ ਹੋ ਗਏ ।
ਇਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪਾਦਰੀ ਨੰਦਾ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਮੰਗਲ ਦੇ ਖਿਲਾਫ ਥਾਣਾ ਬੇਗੋਵਾਲ ਵਿੱਚ ਵੀ ਕਤਲ ਦਾ ਮਾਮਲਾ ਦਰਜ ਹੋਇਆ ਹੈ। ਮੰਗਲ 'ਤੇ ਦੋਸ਼ ਹੈ ਕਿ ਉਸਨੇ ਬੇਗੋਵਾਲ ਵਾਸੀ ਨੌਜਵਾਨ ਮੁਕਲ ਦਾ ਆਪਣੇ ਸਾਥੀਆਂ ਨਾਲ ਮਿਲ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਇਹ ਵਾਰਦਾਤ ਤਲਵੰਡੀ ਡੱਡੀਆਂ ਵਿੱਚ ਵਾਪਰੀ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਦੀ ਦੱਸੀ ਜਾ ਰਹੀ ਹੈ।