ਹੁਸ਼ਿਆਰਪੁਰ: ਕੇਂਦਰੀ ਜੇਲ੍ਹ ਵਿੱਚ ਪੁਲਿਸ ਨੇ ਤਲਾਸ਼ੀ ਦੌਰਾਨ 3 ਫੋਨ ਅਲੱਗ-ਅਲੱਗ ਕੈਦੀਆਂ ਤੋਂ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਇਸ 'ਚ ਇੱਕ ਫ਼ੋਨ ਨਾਮੀ ਗੈਂਗਸਟਰ ਸਤਿੰਦਰ ਉਰਫ਼ ਕਾਲਾ ਤੋਂ ਬਰਾਮਦ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਨਾਮੀ ਗੈਂਗਸਟਰ ਕਾਲਾ ਸਾਲ 2016 'ਚ ਇੱਕ ਕਤਲ ਕੇਸ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ। ਬੀਤੇ ਦਿਨੀਂ ਹੀ ਵਿਭਾਗ ਨੇ ਕਾਲਾ ਅਤੇ ਉਸ ਦੇ 2 ਸਾਥੀਆਂ ਨੂੰ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕੀਤਾ ਸੀ। ਪੁਲਿਸ ਨੇ ਇੰਨ੍ਹਾਂ 3 ਤੋਂ ਹੀ ਤਲਾਸ਼ੀ ਦੌਰਾਨ ਮੋਬਾਇਲ ਬਰਾਮਦ ਕੀਤੇ ਹਨ।
ਸਟੇਸ਼ਨ ਇੰਚਾਰਜ ਗੁਰਵਿੰਦਰ ਸਿੰਘ ਮੁਤਾਬਕ 3 ਫੜ੍ਹੇ ਗਏ ਫੋਨਾਂ 'ਚ ਦੋ ਚਾਲੂ ਅਤੇ ਇੱਕ ਦੀ ਹਾਲਤ ਖਰਾਬ ਹੈ। ਐੱਸਐੱਚਓ ਨੇ ਦੱਸਿਆ ਕਿ ਮੋਬਾਇਲ ਆਪਣੇ ਕਬਜ਼ੇ 'ਚ ਲੈ ਕੇ ਤਿੰਨਾਂ ਕੈਦੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਲਗਾਤਾਰ ਮਿਲ ਰਹੇ ਮੋਬਾਇਲ ਫ਼ੋਨ ਕਾਰਨ ਸੂਬਾ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਜੇਲ੍ਹਾਂ ਅੰਦਰ ਮੋਬਾਇਲ ਫ਼ੋਨ ਦਾ ਇਸਤੇਮਾਲ ਗੈਂਗਸਟਰ ਲਗਾਤਾਰ ਆਪਣਾ ਨੈੱਟਵਰਕ ਵਧਾਉਣ ਲਈ ਕਰਦੇ ਹਨ।