ਹੁਸ਼ਿਆਰਪੁਰ: ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 2 ਮੁਲਜ਼ਮ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਰਿਵਾਲਵਰ, ਦੇਸੀ ਕੱਟਾ, 21 ਰੌਂਦ, ਸਕੂਟਰੀ, 2 ਮੋਟਰ ਸਾਈਕਲ ਅਤੇ ਇਨੋਵਾ ਗੱਡੀ ਸਮੇਤ ਸੋਨਾ ਬਰਾਮਦ ਕੀਤਾ ਗਿਆ ਹੈ।
![2 ਮੁਲਜ਼ਮ ਹਥਿਆਰਾਂ ਤੇ ਲੁੱਟ ਦੇ ਮਾਲ ਸਮੇਤ ਕਾਬੂ](https://etvbharatimages.akamaized.net/etvbharat/prod-images/pb-hsp-pctandpolice-onlyphoto-pb10009_11062021181042_1106f_1623415242_694.jpg)
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਚੱਲ ਰਹੀ ਮੁਹਿੰਮ ਹੇਠ ਐਸ.ਪੀ. (ਡੀ.) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ ਗਿੱਲ ਅਤੇ ਡੀ.ਐਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮ ਸਿੰਘ ਅਤੇ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਡੀ.ਐਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਰੜਾ ਮੋੜ ਨਜ਼ਦੀਕ ਇਕ ਇਨੋਵਾ ਗੱਡੀ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਵਿੱਚੋਂ ਇਕ ਦੇਸੀ ਕੱਟਾ 315 ਬੋਰ ਅਤੇ 8 ਜਿੰਦਾ ਰੌਂਦ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਰਪ੍ਰਗਟਜੀਤ ਸਿੰਘ ਉਰਫ ਜਪਾਨ ਅਤੇ ਚਰਨਜੀਤ ਸਿੰਘ ਉਰਫ ਹੈਪੀ ਦੋਵੇਂ ਵਾਸੀ ਕਡਿਆਲ ਕਲੋਨੀ ਥਾਣਾ ਸਿਵਲ ਲਾਈਨ ਬਟਾਲਾ ਵਜੋਂ ਹੋਈ ਅਤੇ ਉਨ੍ਹਾਂ ਦੇ ਸਾਥੀ ਸੁਖਦੀਪ ਸਿੰਘ ਵਾਸੀ ਕਡਿਆਲ ਕਲੋਨੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਟਾਂਡਾ ’ਚ ਮਾਮਲਾ ਦਰਜ ਕਰਕੇ ਕੀਤੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ 26 ਅਪ੍ਰੈਲ ਨੂੰ ਸਹਿਬਾਜਪੁਰ ਵਾਸੀ ਅਮਰੀਕ ਸਿੰਘ ਦੇ ਘਰੋਂ 32 ਬੋਰ ਰਿਵਾਲਵਰ ਅਤੇ 13 ਜਿੰਦਾ ਰੌਂਦ ਵੀ ਇਨ੍ਹਾਂ ਨੇ ਚੋਰੀ ਕੀਤੇ ਸਨ।
![2 ਮੁਲਜ਼ਮ ਹਥਿਆਰਾਂ ਤੇ ਲੁੱਟ ਦੇ ਮਾਲ ਸਮੇਤ ਕਾਬੂ](https://etvbharatimages.akamaized.net/etvbharat/prod-images/pb-hsp-pctandpolice-onlyphoto-pb10009_11062021181042_1106f_1623415242_252.jpg)
ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਚੋਰੀ ਹੋਇਆ ਉਕਤ 32 ਬੋਰ ਰਿਵਾਲਵਰ ਅਤੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਥਾਣਾ ਟਾਂਡਾ ਵਿੱਚ ਦਰਜ ਵੱਖ-ਵੱਖ ਤਿੰਨ ਮਾਮਲੇ ਟਰੇਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਜ਼ਿਲਿ੍ਹਆਂ ਵਿੱਚ ਵੀ ਮਾਮਲੇ ਦਰਜ ਹਨ।
![2 ਮੁਲਜ਼ਮ ਹਥਿਆਰਾਂ ਤੇ ਲੁੱਟ ਦੇ ਮਾਲ ਸਮੇਤ ਕਾਬੂ](https://etvbharatimages.akamaized.net/etvbharat/prod-images/pb-hsp-pctandpolice-onlyphoto-pb10009_11062021181042_1106f_1623415242_164.jpg)