ਗੁਰਦਾਸਪੁਰ: ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਐਤਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਜਿੱਥੇ ਉਨ੍ਹਾਂ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰੰਧਾਵਾ ਨਾਲ ਪ੍ਰਬੰਧਕੀ ਅਧਿਕਾਰੀ ਵੀ ਮੌਜੂਦ ਸਨ। ਰੰਧਾਵਾ ਨੇ ਕਰਤਾਰਪੁਰ ਲਾਂਘੇ ਦਾ ਕੰਮ 24 ਘੰਟੇ ਚੱਲਾਉਣ ਲਈ ਕਿਹਾ ਤਾਂ ਜੋ ਸਮੇਂ 'ਤੇ ਇਸ ਨੂੰ ਪੂਰਾ ਕੀਤਾ ਜਾ ਸਕੇ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਅਕਤੂਬਰ ਅਖੀਰ ਤੱਕ ਮੁਕੰਮਲ ਕੀਤਾ ਜਾਵੇਗਾ। ਰੰਧਾਵਾ ਨੇ ਕੇਂਦਰ ਉੱਤੇ ਨਿਸ਼ਾਨਾ ਸਾਧਦੇ ਹੋਇਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦੇ ਸਾਂਝੇ ਗੁਰੂ ਹਨ ਪਰ ਕੇਂਦਰ ਸਰਕਾਰ ਵੱਲੋਂ ਆਪਣੇ ਬਜਟ 'ਚ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਕੋਈ ਪੈਕੇਜ ਨਾ ਦੇਣਾ ਬੜੇ ਹੀ ਦੁੱਖ ਦੀ ਗੱਲ ਹੈ।
8 ਨਵੰਬਰ ਤੋਂ ਸੰਗਤਾਂ ਕਰ ਸਕਣਗੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ
ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਸਬਾ ਡੇਰਾ ਬਾਬਾ ਨਾਨਕ ਸਮੇਤ ਨੇੜੇ ਦੇ ਸਾਰੇ ਇਲਾਕਿਆਂ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਵੱਲੋਂ 135 ਕਰੋੜ ਦਾ ਬਜਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ 'ਚੋਂ ਹੁਣ ਤੱਕ 34 ਕਰੋੜ ਰਿਲੀਜ਼ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਅਤੇ ਧਾਰਮਿਕ ਕਾਰਜਾਂ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਧਾਰਮਿਕ ਕਾਰਜਾਂ ਦਾ ਸਿਆਸੀਕਰਨ ਕਰਨਾ ਬੇਹਦ ਦੁੱਖ ਵਾਲੀ ਗੱਲ ਹੈ।