ਗੁਰਦਾਸਪੁਰ: ਜ਼ਿਲ੍ਹੇ ਵਿੱਚ ਨਗਰ ਨਿਗਮ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਹੀਦ ਦੀ ਯਾਦ ਵਿੱਚ ਬਣਾਏ ਗਏ ਗੇਟ ਅੱਗੇ ਗੰਦਗੀ ਦਾ ਢੇਰ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਕਰਮਚਾਰੀਆਂ ਦੀ ਇਸ ਹਰਕਤ ਨੂੰ ਸ਼ਹੀਦ ਦੇ ਪਰਿਵਾਰ ਨੇ ਬੇਹਦ ਸ਼ਰਮਨਾਕ ਦੱਸਦੇ ਹੋਏ ਰੋਸ ਪ੍ਰਗਟ ਕੀਤਾ ਹੈ।
ਸ਼ਹੀਦ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਜ਼ਿਲ੍ਹੇ ਦੇ ਸੰਤ ਨਗਰ ਇਲਾਕੇ ਦੇ ਵਸਨੀਕ ਸਨ। 20 ਅਗਸਤ ਸਾਲ 2011 ਵਿੱਚ ਲੈਫਟੀਨੈਂਟ ਨਵਦੀਪ ਸਿੰਘ ਨੇ ਭਾਰਤੀ ਸੀਮਾ 'ਚ ਘੁਸਪੈਠ ਕਰ ਰਹੇ 12 ਅੱਤਵਾਦੀਆਂ ਨੂੰ ਮਾਰ ਕੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੀ ਯਾਦ ਵਿੱਚ ਜ਼ਿਲ੍ਹੇ ਦੇ ਅੰਦਰ ਸ਼ਹੀਦ ਨਵਦੀਪ ਸਿੰਘ ਯਾਦਗਿਰੀ ਗੇਟ ਬਣਾਇਆ ਗਿਆ ਹੈ ਤਾਂ ਜੋ ਲੋਕ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰ ਸਕਣ। ਪਰ ਨਗਰ ਨਿਗਮ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਹੀਦੀ ਗੇਟ ਦੇ ਸਾਹਮਣੇ ਗੰਦਗੀ ਦੇ ਢੇਰ ਲਗਾਏ ਗਏ ਹਨ। ਜਿਸ ਦੇ ਕਾਰਨ ਬਦਬੂ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗੇਟ ਦੇ ਹੇਠਾਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਚਲਾਇਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸ਼ਹੀਦ ਦੇ ਪਰਿਵਾਰ ਵਿੱਚ ਭਾਰੀ ਰੋਸ ਹੈ। ਸ਼ਹੀਦ ਦੇ ਪਰਿਵਾਰ ਨੇ ਇਸ ਨੂੰ ਸ਼ਹੀਦ ਦਾ ਅਪਮਾਨ ਦੱਸਦੇ ਹੋਏ ਗੇਟ ਦੇ ਅਗੇ ਤੋਂ ਦੁਕਾਨਾਂ ਹਟਾਉਣ ਅਤੇ ਗੰਦਗੀ ਦੇ ਢੇਰ ਚੁੱਕੇ ਜਾਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜ਼ਿਲ੍ਹਾ ਨਗਰ ਨਿਗਮ ਵਿਭਾਗ ਦੇ ਸੁਪਰਿਡੇੈਂਟ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਗੇਟ ਅਗੇ ਇੱਕ ਕੂੜੇ ਦਾ ਕੰਟੇਨਰ ਲਗਾ ਹੋਇਆ ਹੈ ਅਤੇ ਉਥੇ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ ਜੋ ਉਥੋਂ ਕੂੜਾ ਚੁੱਕਦਾ ਹੈ ਅਤੇ ਸਫਸਫ਼ਾਈ ਕਰਦਾ ਹੈ ਪਰ ਕੁਝ ਦਿਨ ਤੋਂ ਉਸਦੀ ਤਬੀਅਤ ਖ਼ਰਾਬ ਹੋਣ ਦੇ ਕਾਰਨ ਉਹ ਨਹੀਂ ਆ ਰਿਹਾ ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ ਉਨ੍ਹਾਂ ਜ਼ਲਦੀ ਹੀ ਗੇਟ ਦੇ ਅੱਗੇ ਤੋਂ ਕੂੜਾ ਚੁੱਕੇ ਜਾਣ ਦਾ ਭਰੋਸਾ ਦਿੱਤਾ ਹੈ।