ਗੁਰਦਾਸਪੁਰ : ਪੱਗ ਬੰਨਣ ਕਾਰਨ ਜਿਸ ਸਿੱਖ ਨੌਜਵਾਨ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ ਸੀ, ਅੱਜ ਉਹ ਨੌਜਵਾਨ ਫਰਾਂਸ 'ਚ ਡਿਪਟੀ ਮੇਅਰ ਬਣ ਗਿਆ ਹੈ। ਗੁਰਦਾਸਪੁਰ ਦੇ ਰਣਜੀਤ ਸਿੰਘ ਗੋਰਾਇਆ ਫਰਾਂਸ ਦੇ ਬੋਬੀਗਿਨੀ ਸ਼ਹਿਰ ਦੇ ਨਵੇਂ ਡਿਪਟੀ ਮੇਅਰ ਬਣ ਗਏ ਹਨ।
ਜਾਣਕਾਰੀ ਮੁਤਾਬਕ ਰਣਜੀਤ ਸਿੰਘ ਗੋਰਾਇਆ ਗੁਰਦਾਸਪੁਰ ਸੇਖਾਂ ਦੇ ਵਸਨੀਕ ਹਨ। ਉਨ੍ਹਾਂ ਦੇ ਮੇਅਰ ਚੁਣੇ ਜਾਣ ਦੀ ਖ਼ਬਰ ਮਿਲਦੇ ਹੀ ਪਿੰਡ 'ਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।
ਰਣਜੀਤ ਸਿੰਘ ਗੋਰਾਇਆ ਨੇ ਸੋਬਨ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਉਥੇ "ਸਿੱਖਜ਼ ਆਫ ਫਰਾਂਸ ਸੰਸਥਾ" ਦੇ ਪ੍ਰਧਾਨ ਵੀ ਹਨ। ਬੋਬੀਗਿਨੀ ਸ਼ਹਿਰ ਦੇ ਡਿਪਟੀ ਮੇਅਰ ਬਣਨ ਤੋਂ ਬਾਅਦ ਰਣਜੀਤ ਸਿੰਘ ਨੇ ਮੇਅਰ ਅਦੁਲ ਸੈਣੀ 'ਤੇ ਉਥੋਂ ਦੇ ਲੋਕਾਂ ਨੂੰ ਚੋਣਾਂ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਸਾਲ 2004 ਵਿੱਚ ਪੱਗ ਬੰਨਣ 'ਤੇ ਉਨ੍ਹਾਂ ਨੂੰ ਇੱਕ ਕਾਲਜ 'ਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੌਂਸਲਾ ਨਾ ਹਾਰਦੇ ਹੋਏ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਮਿਹਨਤ ਕੀਤੀ। ਇਸ ਮਿਹਨਤ ਸਦਕਾ ਉਨ੍ਹਾਂ ਫਰਾਂਸ ਵਿੱਚ ਡਿਪਟੀ ਮੇਅਰ ਦਾ ਅਹੁਦਾ ਹਾਲ ਕੀਤਾ ਹੈ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ।