ਗੁਰਦਾਸਪੁਰ: ਦੀਨਾਨਗਰ 'ਚ ਖੱਬੇਪੱਖੀ ਜਥੇਬੰਦੀਆਂ ਨੇ ਪੁਲਿਸ ਖਿਲਾਫ਼ ਧਰਨਾ ਲਗਾਇਆ। ਵੱਖ-ਵੱਖ ਪਾਰਟੀਆਂ ਨੇ ਮਿਲ ਕੇ ਪੁਲਿਸ ਥਾਣਾ ਦੀਨਾਨਗਰ ਦਾ ਘਿਰਾਓ ਕੀਤਾ। ਪਾਰਟੀ ਵਰਕਰਾਂ ਨੇ ਪੁਲਿਸ ਵੱਲੋਂ ਉਨ੍ਹਾਂ ਦੇ ਸਾਥੀਆਂ 'ਤੇ ਝੂਠੇ ਪਰਚੇ ਦਰਜ ਕਰਨ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਝੂਠੇ ਪਰਚੇ ਰੱਦ ਕਰਨ ਤੱਕ ਸਘੰਰਸ਼ ਜਾਰੀ ਰੱਖਣ ਦੀ ਚੇਤਾਵਨੀ ਵੀ ਦਿੱਤੀ ਗਈ।
ਧਰਨਾਕਾਰੀਆਂ ਦੇ ਆਗੂ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਸਿੱਧਪੁਰ 'ਚ ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ 'ਚ ਪੁਲਿਸ ਨੇ ਉਨ੍ਹਾਂ ਦੇ ਸਾਥੀਆਂ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦੂਜੇ ਗੁੱਟ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ ਬੂਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ, ਪਰ ਪੁਲਿਸ ਨੇ ਅੱਜ ਤੱਕ ਉਨ੍ਹਾਂ ਹਮਲਾਵਰਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤਾ ਹੈ।
ਲਾਲ ਚੰਦ ਨੇ ਦੱਸਿਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ ਅੱਜ ਉਨ੍ਹਾਂ ਨੂੰ ਪੁਲਿਸ ਥਾਣਾ ਦੀਨਾਨਗਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਦੋਸ਼ੀਆਂ ਵਿਰੁੱਧ ਜਲਦ ਕਾਰਵਾਈ ਨਾ ਕੀਤੀ ਅਤੇ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਖਿਲਾਫ਼ ਵੱਡਾ ਐਕਸ਼ਨ ਲਿਆ ਜਾਵੇਗਾ।
ਇਸ ਮਾਮਲੇ 'ਤੇ ਐਸ.ਐਚ.ਓ. ਬਲਦੇਵ ਰਾਜ ਨੇ ਧਰਨਾਕਾਰੀਆਂ ਦੀ ਗੱਲਬਾਤ ਸੁਣੀ ਤੇ ਉਨ੍ਹਾਂ ਦੇ ਕੇਸ ਦੀ ਜਾਂਚ ਇਨਸਾਫ ਦਿਵਾਉਣ ਦੀ ਗੱਲ ਕਹੀ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।