ਗੁਰਦਾਸਪੁਰ: ਕੋਰੋਨਾ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਬਾਕੀ ਸਾਰੇ ਬਾਰਡਰਾਂ ਦੇ ਨਾਲ-ਨਾਲ ਕਰਤਾਰਪੁਰ ਕਾਰੀਡੋਰ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਭਾਰਤ ਸਰਕਾਰ ਦੇ ਇਸ ਫੈਸਲੇ ਮੁਤਾਬਕ ਡੇਰਾ ਬਾਬਾ ਨਾਨਕ ਤੋਂ ਦੁਰਬੀਨਾਂ ਰਾਹੀਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉੱਪਰ ਰੋਕ ਲਗਾ ਦਿੱਤੀ ਗਈ ਹੈ।
ਹਾਲਾਂਕਿ ਭਾਰਤ ਵਿਖੇ ਇਹ ਜਨਤਕ ਕਰਫ਼ਿਊ 22 ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ ਪਰ ਕਰਤਾਰਪੁਰ ਕਾਰੀਡੋਰ ਨੂੰ 16 ਮਾਰਚ ਤੋਂ ਹੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਭਾਰਤੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਮੁਤਾਬਕ ਜਿੱਥੇ 16 ਮਾਰਚ ਤੋਂ ਹੀ ਕਰਤਾਰਪੁਰ ਕਾਰੀਡੋਰ ਦੀ ਯਾਤਰਾ ਬੰਦ ਕਰ ਦਿੱਤੀ ਗਈ, ਉੱਥੇ ਹੀ ਇਸ ਯਾਤਰਾ ਸਬੰਧੀ ਹੋਣ ਵਾਲੀ ਰਜਿਸਟ੍ਰੇਸ਼ਨ 'ਤੇ ਵੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ।
ਉਦੋਂ ਤੋਂ ਹੀ ਕਰਤਾਰਪੁਰ ਕਾਰੀਡੋਰ ਸੁੰਨਾ ਪਿਆ ਹੈ ਅਤੇ ਇਸ ਦੌਰਾਨ ਕੋਈ ਵੀ ਯਾਤਰੀ ਕਰਤਾਰਪੁਰ ਕਾਰੀਡੋਰ ਦੇ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਿਆ। ਮੌਜੂਦਾ ਸਮੇਂ ਦੌਰਾਨ ਇਸ ਕਾਰੀਡੋਰ ਅਤੇ ਕਾਰੀਡੋਰ ਤੇ ਬਣਾਏ ਗਏ ਯਾਤਰੀ ਟਰਮੀਨਲ ਵਿਖੇ ਭਾਰਤੀ ਭਾਰਤੀ ਫੌਜ ਤੋਂ ਇਲਾਵਾ ਕੋਈ ਵੀ ਸ਼ਰਧਾਲੂ ਨਜ਼ਰ ਨਹੀਂ ਆ ਰਿਹਾ।
ਉੱਥੇ ਹੀ ਦੂਜੇ ਪਾਸੇ ਜੇਕਰ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਦੇਸ਼ ਅੰਦਰ ਅਫਗਾਨੀ ਸਿੱਖਾਂ ਨੂੰ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਜਾਜ਼ਤ ਦਿੱਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਭਾਰਤੀ ਸੰਗਤ ਵਲੋਂ ਭਾਰਤ ਸਰਕਾਰ ਨੂੰ ਵੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੂੜ੍ਹ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਸਾਲ 1947 ਦੌਰਾਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਵੰਡ ਤੋਂ ਬਾਅਦ ਭਾਰਤੀ ਖੇਤਰ ਦੀ ਨਾਨਕ ਨਾਮ ਲੇਵਾ ਸੰਗਤ ਕੋਲੋਂ ਬਹੁਤ ਸਾਰੇ ਗੁਰਧਾਮ ਵਿਛੜ ਗਏ ਸਨ। ਇਸ ਦੌਰਾਨ ਨਾਨਕ ਨਾਮ ਲੇਵਾ ਸੰਗਤ ਵੱਲੋਂ ਕਰੀਬ 71 ਸਾਲ ਤੱਕ ਵਿਛੜੇ ਗੁਰੂਧਾਮਾਂ ਸਬੰਧੀ ਕੀਤੀਆਂ ਗਈਆਂ।
ਅਰਦਾਸਾਂ ਤੋਂ ਬਾਅਦ ਪਿਛਲੇ ਵਰ੍ਹੇ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਵੱਲੋਂ ਆਪਸੀ ਸਹਿਮਤੀ ਨਾਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦਾ ਨਿਰਣਾ ਲਿਆ ਗਿਆ। ਦੋਵਾਂ ਸਰਕਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਲਏ ਗਏ ਇਸ ਫ਼ੈਸਲੇ ਤੋਂ ਬਾਅਦ ਬਕਾਇਦਾ ਭਾਰਤੀ ਸੰਗਤ ਇਸ ਕਾਰੀਡੋਰ ਦੇ ਰਸਤੇ ਪੈਦਲ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣਾ ਸ਼ੁਰੂ ਹੋ ਗਈ।