ਗੁਰਦਾਸਪੁਰ: ਗੁਰਦਾਸਪੁਰ ਤੋਂ ਰੋਜ਼ੀ ਰੋਟੀ ਕਮਾਉਣ ਲਈ ਮਲੇਸ਼ੀਆ ਗਏ ਇੱਕ ਪੰਜਾਬੀ ਨੌਜਵਾਨ ਦੀ ਬਿਮਾਰੀ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਵਸਨੀਕ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਜਸਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। 8 ਮਹੀਨੇ ਪਹਿਲਾਂ ਹੀ ਜਸਵਿੰਦਰ ਮਲੇਸ਼ੀਆ ਗਿਆ ਸੀ ਤਾਂ ਜੋ ਉਹ ਉਥੇ ਰੋਜ਼ੀ ਰੋਟੀ ਕਮਾ ਕੇ ਘਰ ਦੀ ਗਰੀਬੀ ਦੂਰ ਕਰ ਸਕੇ।
ਮਲੇਸ਼ੀਆ ਜਾਣ ਤੋਂ ਮਹਿਜ ਕੁੱਝ ਮਹੀਨੇ ਬਾਅਦ ਹੀ ਉਹ ਬਿਮਾਰ ਪੈ ਗਿਆ। ਉਸ ਦੇ ਪਿਤਾ ਨੇ ਦੱਸਿਆ ਕਿ 14 ਫਰਵਰੀ ਨੂੰ ਜਸਵਿੰਦਰ ਦੇ ਇੱਕ ਦੋਸਤ ਨੇ ਫੋਨ ਰਾਹੀਂ ਉਸ ਦੇ ਬਿਮਾਰ ਹੋਣ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਸ ਸਮੇਂ ਜਸਵਿੰਦਰ ਨੇ ਆਪਣੇ ਦੋਸਤ ਨਾਲ ਮਿਲ ਕੇ ਇੱਕ ਵੀਡੀਓ ਬਣਾ ਕੇ ਪਰਿਵਾਰ ਨੂੰ ਭੇਜੀ ਸੀ ਕਿ ਉਹ ਜਲਦ ਹੀ ਠੀਕ ਹੋ ਜਾਵੇਗਾ ਕਿ ਪਰ ਹੁਣ ਇਹ ਖ਼ਬਰ ਮਿਲੀ ਕਿ ਜਸਵਿੰਦਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ।
ਹੋਰ ਪੜ੍ਹੋ :ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਨੌਜਵਾਨ 'ਤੇ ਹੋਇਆ ਜਾਨਲੇਵਾ ਹਮਲਾ
ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ ਗ਼ਰੀਬ ਹਨ। ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸ ਦਾ ਅੰਤਮ ਸਸਕਾਰ ਕਰ ਸਕਣ।