ਗੁਰਦਾਸਪੁਰ: ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਇਸ ਵਾਰ ਸੁਰਖੀਆਂ ਵਿੱਚ ਆਉਣ ਦਾ ਕਾਰਨ ਮਰੀਜ਼ ਜਾਂ ਦਵਾਈਆਂ ਨਹੀਂ ਡਾਕਟਰਾਂ ਦੀ ਗੁੰਡਾਗਰਦੀ ਹੈ ਜੋ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਕੀਤੀ ਗਈ ਹੈ।
ਗੁਰਦਾਸਪੁਰ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵਿਜੇ ਕੁਮਾਰ ਨੇ ਆਰੋਪ ਲਗਾਏ ਹਨ ਕਿ ਸਰਕਾਰੀ ਹਸਪਤਾਲ ਦੇ ਡਾ. ਦੀਪਕ ਅਤੇ ਡਾ. ਮਨਜੀਤ ਬੱਬਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਡਾਕਟਰਾਂ ਵੱਲੋਂ ਆਪਣੇ ਫਾਇਦੇ ਲਈ ਰੱਖੇ ਗਏ ਪ੍ਰਾਈਵੇਟ ਮੁੰਡੇ ਕੁੜੀਆਂ ਨੂੰ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਨਾਰਾਜ਼ ਡਾਕਟਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਸਪਤਾਲ ਵਿੱਚ ਕੁੱਝ ਡਾਕਟਰਾਂ ਨੇ ਆਪਣੇ ਫਾਇਦੇ ਲਈ ਪ੍ਰਾਈਵੇਟ ਤੌਰ ਮੁੰਡੇ ਕੁੜੀਆਂ ਰੱਖੇ ਹੋਏ ਹਨ ਜਿਸ ਤੋਂ ਬਾਅਦ ਇੱਕ ਨੋਟਿਸ ਜਾਰੀ ਕਰ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਆਪ੍ਰੇਸ਼ਨ ਥੀਏਟਰ ਵਿੱਚ ਪ੍ਰਾਈਵੇਟ ਮੁੰਡੇ ਜਾਂ ਕੁੜੀਆਂ ਨੂੰ ਨਾ ਰੱਖਿਆ ਜਾਵੇ ਪਰ ਡਾ. ਦੀਪਕ ਅਤੇ ਡਾ. ਮਨਜੀਤ ਬੱਬਰ ਨੇ ਆਪ੍ਰੇਸ਼ਨ ਥੀਏਟਰ ਵਿੱਚ ਇਕ ਕੁੜੀ ਨੂੰ ਆਪਣੇ ਨਾਲ ਕੰਮ 'ਤੇ ਲਾਇਆ ਹੋਇਆ ਸੀ। ਜਦ ਆਪ੍ਰੇਸ਼ਨ ਥੀਏਟਰ ਦੇ ਅਸਿਸਟੈਂਟ ਸ਼ਾਮ ਲਾਲ ਨੇ ਉਨ੍ਹਾਂ ਨੂੰ ਦੱਸਿਆਂ ਕਿ ਇੱਕ ਪ੍ਰਾਈਵੇਟ ਕੁੜੀ ਅਨੀਤਾ ਆਪ੍ਰੇਸ਼ਨ ਥੀਏਟਰ ਵਿੱਚ ਕੰਮ ਕਰ ਰਹੀ ਹੈ ਤਾਂ ਉਨ੍ਹਾਂ ਨੇ ਉਸ ਕੁੜੀ ਨੂੰ ਬਾਹਰ ਜਾਣ ਲਈ ਕਿਹਾ ਤਾਂ ਡਾਕਟਰ ਭੜਕ ਉਠੇ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਫ਼ਿਲਹਾਲ ਸੀਨੀਅਰ ਮੈਡੀਕਲ ਅਫ਼ਸਰ ਵਿਜੇ ਕੁਮਾਰ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਜਦੋਂ ਡਾ. ਦੀਪਕ ਅਤੇ ਡਾ. ਮਨਜੀਤ ਬੱਬਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲੱਗੇ ਸਾਰੇ ਇਲਜਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਕੋਈ ਬਦਸਲੂਕੀ ਨਹੀਂ ਕੀਤੀ।