ਗੁਰਦਾਸਪੁਰ: ਬੀਐਸਐਫ ਦੇ ਸੈਕਟਰ ਗੁਰਦਾਸਪੁਰ (BSF Sector Gurdaspur) ਦੇ ਅਧੀਨ ਆਉਂਦੀ ਬੀਓਪੀ ਬਸੰਤਰ ਦੇ ਬੀਐਸਐਫ ਜਵਾਨਾਂ ਨੇ ਭਾਰਤ ਪਕਿਸਤਾਨ ਸਰਹੱਦ 'ਤੇ ਲੱਗੀ ਤਾਰ ਨੂੰ ਪਾਰ ਕਰਦੇ ਹੋਏ ਇੱਕ ਅਣਪਛਾਤੇ ਵਿਅਕਤੀ ਨੂੰ ਗੋਲੀ ਮਾਰ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉਥੇ ਹੀ ਬੀਐਸਐਫ ਵਲੋਂ ਉਕਤ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਕੀਤਾ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਨਹੀਂ ਹੋਈ ਪਰ ਉਹ ਭਾਰਤੀ ਹੈ ਅਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ 'ਚ ਸੀ।
ਇਸ ਮਾਮਲੇ 'ਤੇ ਜਾਣਕਾਰੀ ਦੇਂਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਬੀਐੱਸਐੱਫ ਦੀ ਬਟਾਲੀਅਨ ਦੀ ਬੀਓਪੀ ਫਾਰਵਰਡ ਪੋਸਟ ਦੇ ਕੋਲ ਤੈਨਾਤ ਜਵਾਨਾਂ ਨੇ ਰਾਤ ਦੇ ਸਮੇਂ ਪਾਕਿਸਤਾਨ ਡਰੋਨ ਦੀ ਹਲਚਲ ਦੇਖੀ ਸੀ।
ਜਿਸ ਉੱਤੇ ਬੀ.ਐੱਸ.ਐੱਫ ਨੇ ਫਾਇਰਿੰਗ ਕੀਤੀ ਅਤੇ ਡਰੋਨ ਭਾਰਤੀ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ। ਉਸ ਤੋਂ ਉਹਨਾਂ ਦੀ ਪੁਲਿਸ ਪਾਰਟੀ ਅਤੇ ਬੀਐਸਐਫ ਵਲੋਂ ਸਰਚ ਅਪ੍ਰੇਸ਼ਨ ਵੀ ਚਲਾਇਆ ਗਿਆ ਸੀ ਅਤੇ ਅੱਜ ਸਵੇਰੇ ਕਰੀਬ 6:45 ਵਜੇ ਬੀਓਪੀ ਬਸੰਤਰ 'ਤੇ ਤੈਨਾਤ ਬੀਐਸਐਫ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਕੰਡਿਆਲੀ ਤਾਰ ਨੂੰ ਭਾਰਤ ਵਾਲੇ ਪਾਸੇ ਤੋਂ ਪਾਰ ਕਰ ਕਰਨ ਜਾ ਰਹੇ ਇਕ ਵਿਆਕਤੀ ਨੂੰ ਦੇਖਿਆ ਤਾਂ ਪਹਿਲਾਂ ਉਸ ਨੂੰ ਅਲਰਟ ਕੀਤਾ।
ਜਦ ਉਹ ਨਹੀਂ ਰੁਕਿਆ ਤਾਂ ਉਸ 'ਤੇ ਫਾਇਰ ਕਰ ਉਸ ਨੂੰ ਢੇਰ ਕਰ ਦਿੱਤਾ ਗਿਆ। ਜਦਕਿ ਮ੍ਰਿਤਕ ਦੀ ਹਾਲੇ ਪਹਿਚਾਣ ਨਹੀਂ ਹੋ ਪਾਈ ਹੈ। ਪਰ ਉਹ ਭਾਰਤੀ ਹੈ, ਅਤੇ ਕਰੀਬ 40 ਸਾਲ ਉਮਰ ਦਾ ਦੱਸਿਆ ਜਾ ਰਿਹਾ ਹੈ। ਉਧਰ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਕਤਲ ਕੇਸ: ਮਜਾਰ ਬਾਬਾ ਮੀਰਸ਼ਾਹ ਨੇੜੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ