ਗੁਰਦਾਸਪੁਰ : ਸ਼ਹਿਰ ਦੇ ਗੀਤਾ ਭਵਨ ਮੰਦਰ ਵਿਖੇ ਇੱਕ ਦੁਲਹਨ ਆਪਣੇ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਵਿਆਹ ਦੇ ਸਮੇਂ ਲਾੜਾ ਅਤੇ ਉਸ ਦਾ ਪਰਿਵਾਰ ਨਹੀਂ ਪੁੱਜਿਆ। ਸਾਰੇ ਦਿਨ ਦੇ ਇੰਤਜ਼ਾਰ ਤੋਂ ਬਾਅਦ ਪੀੜਤਾ ਲੜਕੀ ਤੇ ਉਸ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ।
ਪੀੜਤਾ ਅਤੇ ਉਸ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਦਿਆਂ ਦੱਸਿਆ ਕਿ ਪੀੜਤ ਲੜਕੀ ਅਤੇ ਲਾੜੇ ਰਮਨ ਵਿਚ ਪਿਛਲੇ ਸੱਤ ਸਾਲਾਂ ਤੋਂ ਪ੍ਰੇਮ ਸਬੰਧ ਸਨ। 7 ਸਾਲਾਂ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਪ੍ਰੇਮੀ ਜੋੜੇ ਦਾ ਵਿਆਹ ਤੈਅ ਕੀਤਾ ਗਿਆ। ਅੱਜ ਦਿਨ ਦੇ ਸਮੇਂ ਦੋਹਾਂ ਦਾ ਵਿਆਹ ਗੀਤਾ ਭਵਨ ਮੰਦਰ ਗੁਰਦਾਸਪੁਰ ਵਿਖੇ ਹੋਣਾ ਸੀ। ਮਿਥੇ ਗਏ ਸਮੇਂ ਉੱਤੇ ਦੁਲਹਨ ਅਤੇ ਉਸ ਦਾ ਪਰਿਵਾਰ ਵਿਆਹ ਦੀ ਰਸਮ ਲਈ ਪੁਜ ਗਿਆ ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ। ਪੀੜਤ ਦੁਲਹਨ ਦਾ ਕਹਿਣਾ ਹੈ ਕਿ ਰਮਨ ਅਤੇ ਉਸ ਦਾ ਪੂਰਾ ਪਰਿਵਾਰ ਵਿਆਹ ਲਈ ਰਾਜੀ ਸੀ ਪਰ ਉਸ ਦੇ ਚਾਚਾ ਇਸ ਲਈ ਰਾਜੀ ਨਹੀਂ ਸੀ। ਪੀੜਤਾ ਦੇ ਪਿਤਾ ਨੇ ਰਮਨ ਅਤੇ ਉਸ ਦੇ ਪਰਿਵਾਰ ਵੱਲੋਂ ਧੋਖਾ ਦਿੱਤੇ ਜਾਣ ਦੀ ਗੱਲ ਆਖੀ।
ਇਸ ਮਾਮਲੇ ਬਾਰੇ ਦੱਸਦੇ ਹੋਏ ਐੱਸਐੱਚਓ ਗੁਰਦਾਸਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਦੁਲਹਨ ਅਤੇ ਉਸ ਦੇ ਪਰਿਵਾਰ ਨੇ ਲਾੜੇ ਰਮਨ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੜਕਾ ਵਿਆਹ ਵਾਲੇ ਮੰਡਪ ਵਿੱਚ ਸਾਰੀਆਂ ਰਸਮਾਂ ਹੋਣ ਜਾਣ ਤੋਂ ਬਾਅਦ ਵੀ ਨਹੀਂ ਪੁੱਜਿਆ। ਪੁਲਿਸ ਵੱਲੋਂ ਲਾੜੇ ਤੇ ਉਸ ਦੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।