ਸ੍ਰੀ ਫ਼ਤਿਹਗੜ੍ਹ ਸਾਹਿਬ: ਤਾਲਾਬੰਦੀ ਦੇ ਦੌਰਾਨ ਕਾਰੋਬਾਰ ਠੱਪ ਹੋਣ ਦੇ ਚਲਦੇ ਪ੍ਰਵਾਸੀ ਮਜ਼ਦੂਰ ਜਲਦ ਤੋਂ ਜਲਦ ਆਪਣੇ ਸੂਬਿਆਂ 'ਚ ਜਾਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਕੋਲ ਮੈਡੀਕਲ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
ਕੋਵਿਡ-19 ਸਬੰਧੀ ਥਰਮਲ ਸਕ੍ਰੀਨਿੰਗ ਲਈ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਸ਼ਹਿਰ ਦੇ ਮੈਡੀਕਲ ਸੈਂਟਰਾਂ 'ਚ ਪੁਜ ਰਹੇ ਹਨ। ਇਸ ਦੌਰਾਨ ਇਨ੍ਹਾਂ ਮੈਡੀਕਲ ਕੈਂਪਾ 'ਚ ਲਗਾਤਾਰ ਸਮਾਜਿਕ ਦੂਰੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਾਰ-ਵਾਰ ਸਮਝਾਏ ਜਾਣ ਮਗਰੋਂ ਵੀ ਇਹ ਮਜ਼ਦੂਰ ਇੱਕ ਦੂਜੇ ਨਾਲ ਜੁੜ ਕੇ ਖੜ੍ਹੇ ਹੁੰਦੇ ਹਨ। ਜਿਸ ਕਾਰਨ ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਪਰੇਸ਼ਾਨ ਹੋ ਚੁੱਕੇ ਹਨ।
ਇਸ ਬਾਰੇ ਦੱਸਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਕਿਸੇ ਵੱਲੋਂ ਇਹ ਅਫਵਾਹ ਫੈਲਾਈ ਗਈ ਹੈ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਰੇਲਗੱਡੀ ਚਲਾਈ ਜਾ ਰਹੀ ਹੈ। ਜਿਸ ਦੇ ਚਲਦੇ ਭਾਰੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਇੱਕਠੇ ਹੋ ਗਏ।
ਐਸਡੀਐਮ ਨੇ ਪ੍ਰਵਾਸੀ ਮਜ਼ਦੂਰਾਂ ਸਣੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਅਜਿਹਾ ਕੋਈ ਫੈਸਲਾ ਲਿਆ ਜਾਵੇਗਾ ਤਾਂ ਇਸ ਦੇ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਅਧਿਕਰੀਆਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਉਹ ਹੁਣ ਜਿੱਥੇ ਹਨ ਉੱਥੇ ਹੀ ਰਹਿਣ ਤਾਂ ਜੋ ਉਹ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬੱਚ ਸਕਣ।