ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਕਰਫਿਊ ਜਾਰੀ ਹੈ। ਕੋਰੋਨਾ ਵਾਇਰਸ ਦੇ ਸੰਕਟ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਇਸੇ ਕੜੀ 'ਚ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਕੌਂਸਲਰ ਵੱਲੋਂ ਉਨ੍ਹਾਂ ਦੇ ਵਾਰਡ ਨੰਬਰ 22 ਨੂੰ ਸੈਨੇਟਾਈਜ਼ ਕਰਵਾਇਆ ਗਿਆ।
ਇਸ ਦੌਰਾਨ ਪੂਰੇ ਵਾਰਡ 'ਚ ਪੈਂਦੇ ਘਰਾਂ, ਦੁਕਾਨਾਂ, ਪਾਰਕ ਤੇ ਸੜਕਾਂ ਆਦਿ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ-22 ਦੇ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਿੱਜੀ ਤੌਰ 'ਤੇ ਵਾਰਡ ਨੂੰ ਸੈਨੇਟਾਈਜ਼ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਹਰ ਵਾਰਡ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ, ਪਰ ਹਰ ਵਾਰਡ ਦੀ ਵਾਰੀ ਹਫ਼ਤੇ ਬਾਅਦ ਆਉਂਦੀ ਹੈ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਖ਼ੁਦ ਇਸ ਕੰਮ ਦੀ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਡ 'ਚ ਤਕਰੀਬਨ 350 ਘਰ ਹਨ, ਜਿਨ੍ਹਾਂ ਨੂੰ ਹਰ ਰੋਜ਼ ਹਰ ਇੱਕ ਘਰ ਨੂੰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਪਰਾਲੇ ਕਰਦੇ ਰਹਿਣਗੇ।