ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵੱਲੋਂ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਵਾਲਾ ਰੂਪ ਹੀ ਵੇਖਿਆ ਜਾਂਦਾ ਹੈ, ਪਰ ਇਸ ਵਾਰ ਪੁਲਿਸ ਮੁਲਾਜ਼ਮਾਂ ਵੱਲੋਂ ਮਮਤਾ ਭਰਿਆ ਰੂਪ ਵੇਖਣ ਨੂੰ ਮਿਲਿਆ।
ਕਰਫਿਊ ਵਿਚਾਲੇ ਸਰਹਿੰਦ ਸ਼ਹਿਰ 'ਚ ਦੋ ਜੁੜਵਾ ਬੱਚੀਆਂ ਜਨਮਦਿਨ ਮੌਕੇ ਪੁਲਿਸ ਮੁਲਾਜ਼ਮ ਕੇਕ ਲੈ ਕੇ ਉਨ੍ਹਾਂ ਦੇ ਘਰ ਪੁਜੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਬੱਚੀਆਂ ਦਾ ਜਨਮਦਿਨ ਮਨਾ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
ਇਸ ਦੌਰਾਨ ਦੋਹਾਂ ਬੱਚੀਆਂ ਦੀ ਮਾਂ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬੱਚਣ ਲਈ ਘਰ ਰਹਿਣ ਦੀ ਅਪੀਲ ਕੀਤੀ।
ਇਸ ਬਾਰੇ ਦੱਸਦੇ ਹੋਏ ਸਬ-ਇੰਸਪੈਕਟਰ ਅਮਨਪ੍ਰੀਤ ਬਰਾੜ ਨੇ ਦੱਸਿਆ ਕਿ ਕਰਫਿਊ ਦੇ ਚਲਦੇ ਬੱਚੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਜਨਮਦਿਨ ਨਹੀਂ ਮਨਾ ਪਾ ਰਹੇ ਸੀ। ਇਸ ਦੇ ਚਲਦੇ ਲੜਕੀਆਂ ਦੇ ਪਰਿਵਾਰ ਵੱਲੋਂ ਐੱਸਐੱਸਪੀ ਅਮਨੀਤ ਕੌਂਡਲ ਨੂੰ ਫੋਨ ਕਰਕੇ ਬੱਚੀਆਂ ਦੇ ਜਨਮਦਿਨ ਬਾਰੇ ਜਾਣਕਾਰੀ ਦਿੱਤੀ ਤਾਂ ਐੱਸਐੱਸਪੀ ਵੱਲੋਂ ਬੱਚੀਆਂ ਦੇ ਘਰ ਕੇਕ ਭਿਜਵਾਇਆ ਗਿਆ ਹੈ। ਇਸ ਦੌਰਾਨ ਪੁਲਿਸ ਵਿਭਾਗ ਦੇ ਏਐਸਆਈ ਚਰਨਜੀਤ ਸਿੰਘ ਦੇ ਵੱਲੋਂ ਪਹਿਲਾਂ ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਕਰਨ ਦਾ ਗੀਤ ਗਾ ਕੇ ਜਾਗਰੂਕ ਕੀਤਾ ਗਿਆ।