ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਪਾਰਟੀ ਦੀ ਨੌਜਵਾਨ ਆਗੂ ਅਨਮੋਲ ਗਗਨ ਮਾਨ ਨੂੰ ਯੂਥ ਵਿੰਗ ਪੰਜਾਬ ਦੇ ਸੂਬਾ ਸਹਿ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਇਸ ਬਾਰੇ ਰਸਮੀ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕੀਤਾ। ਉਹ ਪਿਛਲੇ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਲਈ ਅਹਿਮ ਕਾਰਜ ਕਰ ਰਹੇ ਸਨ।
ਅਨਮੋਲ ਗਗਨ ਮਾਨ ਨੂੰ ਜ਼ਿੰਮੇਵਾਰੀ ਮਿਲਣ ਉੱਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ। ਆਪਣੇ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਇਸ ਸਮੇਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹੈ ਜਿਸ ਕਾਰਨ ਉਹ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਪ੍ਰਗਟਾ ਰਿਹਾ ਹੈ। ਪੰਜਾਬ ਦੇ ਯੂਥ ਆਗੂਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਸਮੇਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਅਤੇ ਉਨ੍ਹਾਂ ਦੀ ਰਾਜਨੀਤੀ ਵਿੱਚ ਦਿਲਚਸਪੀ ਪੈਦਾ ਕਰਕੇ ਰਵਾਇਤੀ ਪਾਰਟੀਆਂ ਨੂੰ ਖੂੰਜੇ ਲਾਉਣਾ ਸਮੇਂ ਦੀ ਮੁੱਖ ਮੰਗ ਹੈ।
ਪਾਰਟੀ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਲਈ ਪਾਰਟੀ ਦਾ ਧੰਨਵਾਦ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਉੱਤੇ ਵਿਸ਼ਵਾਸ ਪ੍ਰਗਟਾ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ ਜਿਸਦੇ ਲਈ ਉਹ ਪਾਰਟੀ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੁਆਰਾ ਸ਼ੁਰੂ ਕੀਤੇ ਗਏ ਸਾਫ਼ ਸੁਥਰੀ ਰਾਜਨੀਤੀ ਦੇ ਪੈਗਾਮ ਨੂੰ ਅੱਗੇ ਲੈ ਕੇ ਜਾਣਗੇ। ਪੰਜਾਬ ਦੇ ਮੌਜੂਦਾ ਤਰਸਯੋਗ ਹਾਲਾਤਾਂ ਲਈ ਰਿਵਾਇਤੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਾਨ ਨੇ ਕਿਹਾ ਕਿ ਭ੍ਰਿਸ਼ਟ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਸੋ ਹੁਣ ਸਮਾਂ ਆ ਗਿਆ ਕਿ ਇਨ੍ਹਾਂ ਦਾ ਖਾਤਮਾ ਕਰਕੇ ਨਰੋਏ ਅਤੇ ਬਿਹਤਰ ਭਵਿੱਖ ਨੂੰ ਸਿਰਜਣ ਦਾ ਕਾਰਜ ਕੀਤਾ ਜਾਵੇ।