ਚੰਡੀਗੜ੍ਹ: ਖੁਰਾਕ ਤੇ ਸਿਵਲ ਸਪਲਾਈ ਵਿਭਾਗ (Food Supply Department Punjab) ਦੇ ਉਡਣ ਦਸਤਿਆਂ ਨੇ ਮੱਧ ਪ੍ਰਦੇਸ਼ (Madhya Pradesh) ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਪਰਮਲ ਝੋਨੇ ਦੇ ਟਰੱਕ ਨੂੰ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ 'ਤੇ ਇਹ ਟਰੱਕ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ 254.50 ਕਿਲੋ ਪਰਮਲ ਝੋਨਾ ਦਸਮੇਸ਼ ਐਗਰੋ ਫੂਡਜ ਲੁਧਿਆਣਾ ਦੇ ਨਾਮ ਦੀ ਬੋਗਸ ਫਰਮ ਦੇ ਨਾਮ ‘ਤੇ ਲਿਆਂਦਾ ਜਾ ਰਿਹਾ ਸੀ।
ਆਸ਼ੂ ਨੇ ਦੱਸਿਆ ਕਿ ਜਦੋਂ ਇਸ ਫਰਮ ਸਬੰਧੀ ਸਕੱਤਰ ਮਾਰਕੀਟ ਕਮੇਟੀ ਲੁਧਿਆਣਾ ਤੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਉਕਤ ਨਾਮ ਦੀ ਕੋਈ ਵੀ ਫਰਮ ਜ਼ਿਲ੍ਹੇ ਵਿੱਚ ਰਜਿਸਟਰਡ ਹੋਣ ਤੋਂ ਇਨਕਾਰ ਕੀਤਾ। ਜਿਸ ‘ਤੇ ਕਾਨੂੰਨੀ ਕਾਰਵਾਈ ਕਰਦਿਆਂ ਟਰੱਕ ਨੰਬਰ ਐਮ.ਪੀ.07 ਐਚ.ਬੀ. 4072 ਨੂੰ ਜ਼ਬਤ ਕਰਦਿਆਂ ਡਰਾਈਵਰ ਹਰਮੀਤ ਪਾਲ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਇਸ ਸਮੇਂ 150 ਉੱਡਣ ਦਸਤੇ ਕਾਇਮ ਕੀਤੇ ਗਏ ਹਨ ਜਿੰਨ੍ਹਾਂ ਵਿਚ 1500 ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ। ਖੁਰਾਕ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਸਤਿਆਂ ਵੱਲੋਂ ਹੁਣ ਤੱਕ 7 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਇਹ ਉੱਡਣ ਦਸਤੇ ਘੱਟੋ-ਘੱਟ 31 ਦਸੰਬਰ 2021 ਤੱਕ ਆਪਣੀ ਕਾਰਵਾਈ ਜਾਰੀ ਰੱਖਣਗੇ।
ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਗਲੇ ਦੀ ਹੱਡੀ ਬਣੇਗਾ ਬਠਿੰਡਾ ਥਰਮਲ ਪਲਾਂਟ ਦਾ ਮੁੱਦਾ !