ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਯਾਨੀ 24 ਜੂਨ ਤੋਂ ਸ਼ੁਰੂ ਹੋ ਗਿਆ ਹੈ। ਇਹ ਬਜਟ ਸੈਸ਼ਨ 30 ਜੂਨ ਤੱਕ ਚੱਲੇਗਾ। ਪੰਜਾਬ ਬਜਟ ਸੈਸ਼ਨ ਸਵੇਰ 11 ਵਜੇ ਸ਼ੁਰੂ ਹੋਇਆ ਸੀ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 13 ਮਿੰਟ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 2 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ।
ਮੂਸੇਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ: ਦੱਸ ਦਈਏ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਕਈ ਸ਼ਖਸੀਅਤਾਂ ਸਣੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਦਨ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਦੱਸ ਦਈਏ ਕਿ ਪੰਜਾਬੀ ਗਾਇਕ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਨ੍ਹਾਂ ਸ਼ਖਸੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ 11 ਸ਼ਖਸੀਅਤਾਂ ਜਿਨ੍ਹਾਂ ’ਚ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਵਿਧਾਇਕ ਸੁਖਦੇਵ ਸਿੰਘ, ਸਾਬਕਾ ਵਿਧਾਇਕ ਸਿੰਗਾਰਾ ਰਾਮ, ਆਜਾਦੀ ਘੁਲਾਟੀਏ ਤਾਰਾ ਸਿੰਘ, ਆਜਾਦੀ ਘੁਲਾਟੀਏ ਸਵਰਨ ਸਿੰਘ, ਆਜਾਦੀ ਘੁਲਾਟੀਏ ਕਰੋੜਾ ਸਿੰਘ, ਆਜਾਦੀ ਘੁਲਾਟੀਏ ਸੁਖਰਾਜ ਸਿੰਘ ਸੰਧਾਵਾਲੀਆ, ਅਰਜੁਨ ਐਵਾਰਡੀ ਗੁਰਚਰਨ ਸਿੰਘ ਬਾਂਗੜੂ ਅਤੇ ਅਰਜੁਨ ਐਵਾਰਡੀ ਹਰੀ ਚੰਦ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਵਿਧਾਇਕ ਰੋੜੀ ਨੇ ਕੀਤੀ ਇਹ ਮੰਗ: ਇਸ ਦੌਰਾਨ ਵਿਧਾਇਕ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦੇਰ ਰਾਤ ਦਿਲ ਦੀ ਧੜਕਣ ਰੁਕਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਵਿਛੋੜੇ ਦੇ ਨਾਲ ਇੱਕ ਉੱਘੇ ਧਰਮ ਪ੍ਰਚਾਰਕ ਅਤੇ ਸਮਾਜ ਸੇਵੀ ਦੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਦਾ ਨਾਂ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਚ ਸ਼ਾਮਲ ਕੀਤਾ ਜਾਵੇ।
ਪੰਜਾਬ ਕੈਬਨਿਟ ਦੀ ਹੋਵੇਗੀ ਮੀਟਿੰਗ: ਨਵੀਂ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੁਪਹਿਰ 12:30 ਵਜੇ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਬੈਠਕ ਹੋਵੇਗੀ।
27 ਜੂਨ ਨੂੰ ਪੇਸ਼ ਹੋਵੇਗਾ ਬਜਟ: ਦੱਸ ਦਈਏ ਕਿ ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਚਲੇਗਾ। 27 ਜੂਨ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਸੀਐੱਮ ਮਾਨ ਨੇ ਟਵੀਟ ਵੀ ਕੀਤਾ ਸੀ ਜਿਸ ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਵੇਗਾ ਕਿ ਆਮ ਲੋਕਾਂ ਦੀ ਰਾਏ ਦੇ ਨਾਲ ਬਣਿਆ ਆਮ ਬਜਟ ਪੇਸ਼ ਹੋਵੇਗਾ।
ਇਹ ਵੀ ਪੜੋ: ਮੁੱਕੇਬਾਜ਼ ਵਿਜੇਂਦਰ ਸਿੰਘ ਵੱਲੋਂ ਮੂਸੇਵਾਲਾ ਦੇ ਗੀਤ SYL ਦੀ ਵਕਾਲਤ, ਕਿਹਾ- 'ਕੁਝ ਵੀ ਗਲਤ ਨਹੀਂ ਕਿਹਾ'