ਚੰਡੀਗੜ੍ਹ: ਸਾਲ 2020 ’ਤੇ ਕੋਰੋਨਾ ਮੰਡਰਾਉਂਦਾ ਰਿਹਾ ਪਰ ਨਵੇਂ ਸਾਲ ਦਾ ਜਸ਼ਨ ਤੇ ਇਸ ਦਾ ਜ਼ਿਆਦਾ ਫ਼ਰਕ ਨਹੀਂ ਪਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਸਾਲ ਦੇ ਜਸ਼ਨ ਨੂੰ ਰੋਕਣ ਦੇ ਲਈ ਨਾਈਟ ਕਰਫਿਊ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਲੈ ਕੇ ਕਲੱਬ, ਬਾਰ ਜਾਂ ਪੱਬ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਸਾਲ ਪਹਿਲਾਂ ਹੀ ਉਨ੍ਹਾਂ ਦੇ ਲਈ ਚੰਗਾ ਨਹੀਂ ਰਿਹਾ ਤੇ ਇਸ ਸਾਲ ਨਵੇਂ ਸਾਲ ਦਾ ਜਸ਼ਨ ਵੀ ਖ਼ਾਸ ਨਹੀਂ ਮਨਾ ਪਾਵਾਂਗੇ।
ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅਫ਼ਸਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਨਵੇਂ ਮਾਮਲਿਆਂ ਸਬੰਧੀ ਵੀ ਨਿਰੀਖਣ ਕੀਤਾ। ਚੰਡੀਗੜ੍ਹ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਨਹੀਂ ਵੱਧ ਰਹੇ ਤੇ ਸਥਿਤੀ ਕੰਟਰੋਲ ਵਿਚ ਹੈ। ਇਸ ਦੇ ਚੱਲਦੇ ਪ੍ਰਸ਼ਾਸਨ ਨੇ ਕੋਈ ਵੀ ਪਾਬੰਦੀ ਜਾਂ ਨਾਈਟ ਕਰਫ਼ਿਊ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਮੇਂ ’ਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਯਾਨੀ ਕਿ ਜਿਹੜਾ ਟਾਈਮ ਆਮ ਦਿਨਾਂ ਵਿੱਚ ਪੱਬ, ਬਾਰ ਜਾਂ ਕਲੱਬਾਂ ਵਿੱਚ ਪਾਰਟੀ ਦੇ ਲਈ ਰਹਿੰਦਾ ਹੈ ਉਹੀ 31 ਦਸੰਬਰ ਵਾਲੇ ਦਿਨ ਵੀ ਲਾਗੂ ਰਹੇਗਾ।
ਇਸ ਮੌਕੇ ਕਲੱਬ ਦੇ ਮੈਨੇਜਰ ਰੋਹਿਤ ਨੇ ਕਿਹਾ ਕਿ ਸਾਰੀ ਹੀ ਕਵਿਡ ਪ੍ਰੋਟੋਕੋਲ ਦਾ ਪਾਲਣ ਕੀਤਾ ਜਾਵੇਗਾ ਅਤੇ ਜਿਹੜੀ ਵੀ ਹਿਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਨੇ ਉਨ੍ਹਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪਹਿਲਾਂ ਹੀ ਕੋਰੋਨਾ ਕਰਕੇ ਹੌਸਪਿਟੈਲਿਟੀ ਸੈਕਟਰ ਨੂੰ ਨੁਕਸਾਨ ਹੈ ਪਰ ਘੱਟੋ ਘੱਟ ਪ੍ਰਸ਼ਾਸਨ ਨੇ ਨਵੇਂ ਸਾਲ ਦੇ ਜਸ਼ਨ ਮੌਕੇ ਪਾਰਟੀ ਕਰਨ ਲਈ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਇਕ ਕਲੱਬ ਮਾਲਕ ਪ੍ਰਭਾਤ ਨੇ ਦੱਸਿਆ ਕਿ ਇਸ ਵਾਰ ਕੁਝ ਵੀ ਨਵਾਂ ਨਹੀਂ ਕੀਤਾ ਜਾ ਰਿਹਾ ਕਿਉਂ ਕਿ ਪ੍ਰਸ਼ਾਸਨ ਵੱਲੋਂ ਹਦਾਇਤਾਂ ਹਨ ਕਿ ਦੋ ਸੌ ਤੋਂ ਵੱਧ ਲੋਕੀਂ ਇਕੱਠੇ ਨਹੀਂ ਹੋ ਸਕਣਗੇ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਜਾਰੀ ਹੋਈਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਉਨ੍ਹਾ ਵੱਲੋਂ ਨਵੇਂ ਸਾਲ ਦੇ ਜਸ਼ਨ ਮੌਕੇ ਸੁਰੱਖਿਆ ਨੂੰ ਲੈ ਕੇ ਪੂਰੀ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 31 ਦਸੰਬਰ ਦੀ ਰਾਤ ਕੁਲ 1600 ਪੁਲਿਸ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਰਹਿਣਗੇ ਤਾਂ ਕਿ ਕੋਈ ਵੀ ਸ਼ਹਿਰ ਵਿੱਚ ਹੁੱਲੜਬਾਜ਼ੀ ਨਾ ਕਰ ਸਕੇ ਇਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਨੇ ਜਨਤਾ ਤੋਂ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਿਹੜੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਦਿੱਤੀ ਗਈਆਂ ਨੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।