ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀਤੇ ਟਵੀਟ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਦਿਨ ਲਈ ਲਾਂਘੇ ਦੀ ਫ਼ੀਸ ਮਾਫ਼ ਕਰਨੀ ਕੋਈ ਵੱਡੀ ਗੱਲ ਨਹੀਂ।
ਸੁਖਬੀਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਵੇਲੇ ਸਾਰੇ ਸਿਆਸੀ ਆਗੂ ਤੇ ਵੀ.ਆਈ.ਪੀ ਲੋਕ ਹੀ ਪੁੱਜਣਗੇ, ਜੋ ਪਾਕਿਸਤਾਨ ਵੱਲੋਂ ਲਾਈ ਗਈ ਫ਼ੀਸ ਆਸਾਨੀ ਨਾਲ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ੀਸ ਮੁਆਫ਼ ਕਰਨ ਦੀ ਥਾਂ ਸੰਗਤ ਦੀ ਫ਼ੀਸ ਮੁਆਫ਼ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਮਰਾਨ ਖ਼ਾਨ ਵੱਲੋਂ ਪਾਸਪੋਰਟ ਦੀ ਸ਼ਰਤ ਰੱਦ ਕਰਨ ਦੀ ਸ਼ਲਾਘਾ ਕੀਤੀ। ਦੱਸ ਦਈਏ, ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ 20 ਡਾਲਰ ਮਾਫ਼ ਤੇ ਪਾਸਪੋਰਟ ਵਾਲੀ ਸ਼ਰਤ ਨੂੰ ਰੱਦ ਕਰਕੇ ਸ਼ਨਾਖਤੀ ਪੱਤਰ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਹੈ।