ਚੰਡੀਗੜ੍ਹ: ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਪੰਜਾਬ ਵਿੱਚ ਖੇਡ ਹੁਨਰ ਨੂੰ ਉਭਾਰਨ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਬਰਮਿੰਘਮ ਯੂਨੀਵਰਸਿਟੀ ਨੇ ਮਹਾਰਾਜ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਨੂੰ ਬਨਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਲਈ ਵੱਡੀ ਦਿਲਚਸਪੀ ਵਿਖਾਈ ਹੈ।
ਇਸ ਦਾ ਪ੍ਰਗਟਾਵਾ ਖੇਡ ਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਐਂਡਰਿਊ ਆਇਰ, ਸੀਨੀਅਰ ਲੈਕਚਰਾਰ ਸਪੋਰਟਸ ਕੋਚਿੰਗ, ਡਾ. ਮਾਰਟਿਨ ਟੋਮਸ ਯੂਨੀਵਰਸਿਟੀ ਆਫ ਬਰਮਿੰਘਮ ਅਤੇ ਡਾਇਰੈਕਟਰ ਇੰਡੀਆ ਕੌਂਟਰੀ ਇੰਸਟੀਚਿਊਟ ਦੀਪਾਂਕਰ ਚਕਰਵਰਤੀ ਆਧਾਰਤ ਵਫਦ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੀਤਾ।
ਇਸ ਦੀ ਹੋਰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਦੁਨੀਆਂ ਦੀਆਂ ਪ੍ਰਮੁੱਖ ਯੂਨੀਵਸਿਟੀਆਂ ਵਿੱਚੋਂ ਇੱਕ ਬਰਮਿੰਘਮ ਯੂਨੀਵਰਸਿਟੀ ਵਿੱਚਕਾਰ ਵੱਖ ਵੱਖ ਖੇਤਰਾਂ ਵਿੱਚ ਭਾਈਵਾਲੀ ਹੋਵੇਗੀ ਜਿਨ੍ਹਾਂ ਵਿੱਚ ਮਨੋਵਿਗਿਆਨ, ਫਿਜਿਓਲੋਜੀ, ਪੌਸ਼ਟਕਤਾ, ਕੋਚਿੰਗ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਨਰ ਦੀ ਸ਼ਨਾਖਤ, ਹੁਨਰ ਵਿਕਾਸ, ਹੁਨਰ ਸਮਰਥਨ, ਖਿਡਾਰੀਆਂ ਦੀ ਸਿਹਤ ਦਾ ਪ੍ਰਬੰਧਨ, ਅਕਾਦਮਿਕ ਪ੍ਰੋਗਰਾਮ ਨੂੰ ਵਿਕਸਤ ਕਰਨਾ ਅਤੇ ਸਪੋਟਸ ਸਾਇੰਸ ਦੀ ਸਿਖਲਾਈ ਦੇ ਹੋਰ ਪੱਖ ਵੀ ਇਸ ਵਿੱਚ ਹੋਣਗੇ।
ਇਸ ਦੌਰਾਨ ਵਫਦ ਦੇ ਮੈਂਬਰਾਂ ਨੂੰ ਪੰਜਾਬ ਵਿੱਚ ਖਿਡਾਰੀਆਂ ਦੇ ਹੁਨਰ ਅਤੇ ਸਮਰੱਥਾ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਵਫਦ ਨੇ ਸੂਬੇ ਵਿੱਚ ਖੇਡ ਦੇ ਮਿਆਰ ਨੂੰ ਉਭਾਰਨ ਦੇ ਲਈ ਸਰਗਰਮ ਸਹਾਇਤਾ ਦੇਣ ਦਾ ਮੰਤਰੀ ਨੂੰ ਭਰੋਸਾ ਦਵਾਇਆ।