ਚੰਡੀਗੜ੍ਹ: ਪੰਜਾਬ ਪੁਲਿਸ ਕਰਫਿਊ ਸਮੇਂ ਲੋਕਾਂ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਦੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੀ ਹੈ ਅਤੇ ਆਪਣੇ ਸੰਦੇਸ਼ਾਂ ਨੂੰ ਨਵੇਂ ਸਿਰਜਣਾਤਮਕ ਢੰਗ ਨਾਲ ਫੈਲਾ ਰਹੀ ਹੈ। ਪੁਲਿਸ ਅਧਿਕਾਰੀ ਹੁਣ ਸੰਦੇਸ਼ ਫੈਲਾਉਣ ਅਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਨੌਜਵਾਨਾਂ-ਕੇਂਦ੍ਰਿਤ ਪਲੇਟਫਾਰਮਾਂ ਜਿਵੇਂ ਕਿ ਟਿੱਕ ਟੌਕ, ਸ਼ੇਅਰਚੈਟ, ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ ਕਰ ਰਹੇ ਹਨ।
ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇੱਕ ਵੀਡੀਓ ਦੇ ਜ਼ਰੀਏ ਪਹਿਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਰੋਕਣ ਲਈ ਆਪਣੇ ਵਿਚਾਰ ਸਾਂਝੇ ਕਰੇ ਤਾਂ ਜੋਂ ਕਰਫਿਊ ਲਾਉਣ ਦਾ ਉਦੇਸ਼ ਪੂਰਾ ਹੋਵੇ ਤੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਹਾਸਲ ਕਰਨ 'ਚ ਕੋਈ ਪਰੇਸ਼ਾਨੀ ਨਾ ਹੋ ਸਕੇ।
ਇਸ ਵੀਡੀਓ 'ਤੇ ਹਜ਼ਾਰਾਂ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਟਿੱਕ ਟੌਕ ਅਤੇ ਸ਼ੇਅਰਚੈਟ ਵਰਗੇ ਮਾਧਿਅਮ ਦੀ ਵਰਤੋਂ ਵੀ ਸ਼ੁਰੂ ਕੀਤੀ ਅਤੇ ਜਿੱਥੇ ਉਹ ਮਨੋਰੰਜਨ ਤਰੀਕੇ ਨਾਲ ਕੋਰੋਨਾ 'ਤੇ ਜਾਣਕਾਰੀ ਸਾਂਝੀ ਕਰ ਰਹੇ ਹਨ।
ਇਨ੍ਹਾਂ ਸਾਈਟਾਂ 'ਤੇ ਵੀਡੀਓ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 4 ਲੱਖ ਤੋਂ ਵੱਧ ਵਾਰ ਵੇਖੀ ਗਈ ਹੈ। ਇਸ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਨਾਲ ਲੋਕਾਂ ਨੂੰ ਆਪਣੇ ਵਿਚਾਰਾਂ ਅਤੇ ਸ਼ਿਕਾਇਤਾਂ ਨਾਲ ਸਬੰਧਤ ਆਪਣੇ ਵਿਚਾਰ ਸਾਂਝੇ ਕਰਨ ਵਿੱਚ ਮਦਦ ਮਿਲੀ ਅਤੇ ਉੱਚ ਪੱਧਰੀ ਅਧਿਕਾਰੀਆਂ ਨੇ ਵੀ ਵਿਸ਼ੇਸ਼ ਦਿਲਚਸਪੀ ਲੈਂਦਿਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਿਆ।
ਪੁਲਿਸ ਵੱਲੋਂ ਸਾਂਝੀ ਕੀਤੀ ਇਸ ਮਨੋਰੰਜਕ ਵੀਡੀਓ ਵਿੱਚ ਐਨੀਮੇਸ਼ਨ 'ਦੀਪੂ ਦੀ ਬਿਰਿਆਨੀ' ਖਾਸ ਤੌਰ 'ਤੇ ਜ਼ਿਕਰਯੋਗ ਹੈ। ਇਹ ਸਿਰਜਣਾਤਮਕ ਵੀਡੀਓ ਮਹਾਂਮਾਰੀ ਦੇ ਦੌਰਾਨ ਘਰ ਰਹਿਣ ਦੇ ਫਾਇਦਿਆਂ ਨੂੰ ਦਰਸਾਉਂਦੀ ਹੈ, ਕਿਸ ਤਰ੍ਹਾਂ ਦੀਪੂ ਨੇ ਤਾਲਾਬੰਦੀ ਦੌਰਾਨ ਆਪਣੇ ਖਾਲੀ ਸਮੇਂ ਵਿੱਚ ਯੂਟਿਉਬ 'ਤੇ ਵੀਡੀਓ ਦੇਖ ਕੇ ਬਿਰੀਆਨੀ ਬਣਾਉਣਾ ਸਿਖਦਾ ਹੈ ਤੇ ਪਰਿਵਾਰ ਦੇ ਲੋਕਾਂ ਨੂੰ ਖਵਾਉਂਦਾ ਹੈ। ਲੋਕਾਂ ਨੇ ਬਿਰਿਆਨੀ ਨੂੰ ਇੰਨਾ ਪਸੰਦ ਕੀਤਾ ਕਿ ਦੀਪੂ ਹੁਣ ਬਿਰਆਨੀ ਮਾਹਰ ਬਣ ਗਿਆ ਹੈ ਅਤੇ ਹੁਣ ਹਰ ਜਗ੍ਹਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦਾ ਹੈ। ਅਜਿਹੇ ਵੀਡੀਓਜ਼ ਦਾ ਮੁੱਢਲਾ ਸੰਦੇਸ਼ ਲੋਕਾਂ ਨੂੰ ਘਰ ਰਹਿਣ ਅਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਨਾ ਹੈ।