ਚੰਡੀਗੜ੍ਹ: ਸੁਖਪਾਲ ਸਿੰਘ ਐਨਕਾਊਂਟਰ ਮਾਮਲੇ ਵਿੱਚ ਬਣਾਈ ਗਈ ਐੱਸਆਈਟੀ ਵੱਲੋਂ ਇੱਕ ਸਟੇਟਸ ਰਿਪੋਰਟ ਹਾਈ ਕੋਰਟ ਦੇ ਸਾਹਮਣੇ ਰੱਖੀ ਗਈ ਹੈ। ਇਸ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਸੁਖਪਾਲ ਸਿੰਘ ਦੇ ਫਰਾਰ ਹੋਣ 'ਤੇ ਅੱਤਵਾਦੀ ਗੁਰਨਾਮ ਸਿੰਘ ਵਡਾਲਾ ਦਾ ਐਨਕਾਊਂਟਰ ਨਾਲ ਸੰਬੰਧ ਹੈ।
ਦੱਸ ਦਈਏ, ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਉਮਰਾ ਨੰਗਲ ਸਮੇਤ ਹੋਰਾਂ 'ਤੇ ਵੀ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਸੁਖਪਾਲ ਸਿੰਘ ਨਾਂਅ ਦੇ ਪਾਠੀ ਦਾ ਐਨਕਾਊਂਟਰ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਨੇ ਅੱਤਵਾਦੀ ਗੁਰਨਾਮ ਸਿੰਘ ਵਡਾਲਾ ਦਾ ਐਨਕਾਊਂਟਰ ਕੀਤਾ, ਜਦੋਂ ਕਿ ਵਡਾਲਾ ਜਿੰਦਾ ਹੈ।
ਮਾਮਲੇ ਦੀ ਅੱਗੇ ਜਾਂਚ ਲਈ ਐੱਸਆਈਟੀ ਨੇ ਅਦਾਲਤ ਤੋਂ ਹੋਰ ਤਿੰਨ ਮਹੀਨੇ ਦਾ ਸਮਾਂ ਮੰਗਿਆ, ਜਿਸ ਲਈ ਅਦਾਲਤ ਨੇ ਮੰਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਵਿੱਚ ਕਾਲਾ ਅਫ਼ਗਾਨ ਦੇ ਸੁਖਪਾਲ ਸਿੰਘ ਐਨਕਾਊਂਟਰ ਮਾਮਲੇ ਵਿੱਚ ਇੱਕ ਐਸਆਈਟੀ ਬਣਾਈ ਗਈ ਸੀ ਕਿਉਂਕਿ ਸੁਖਪਾਲ ਦੇ ਪਰਿਵਾਰ ਦੇ ਮੈਂਬਰਾਂ ਨੇ ਪਟੀਸ਼ਨ ਦਰਜ ਕਰਕੇ ਇਨਸਾਫ਼ ਦੀ ਗੁਹਾਰ ਲਾਈ ਸੀ। ਪੀੜਤ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਸ ਕੇਸ ਵਿੱਚ ਪੰਜਾਬ ਪੁਲਿਸ ਦੇ ਆਈਜੀ ਉਮਰਾ ਨੰਗਲ ਸਣੇ ਹੋਰਾਂ 'ਤੇ ਵੀ ਫ਼ੇਕ ਐਨਕਾਊਂਟਰ ਦੇ ਦੋਸ਼ ਹਨ ਤਾਂ ਕਰਕੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੈ।
ਪੰਜਾਬ ਪੁਲਿਸ ਵੱਲੋਂ ਬਣਾਈ ਗਈ ਐਸਆਈਟੀ ਅਸਲ ਸਬੂਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਹੀ ਜਿਸ ਤੋਂ ਬਾਅਦ ਕੋਰਟ ਵੱਲੋਂ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠ ਇੱਕ ਐੱਸਆਈਟੀ ਬਣਾ ਦਿੱਤੀ ਗਈ ਸੀ ਜਿਸ ਵਿੱਚ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਤੇ ਆਈਜੀਪੀ ਬੀ ਚੰਦਰਸ਼ੇਖਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਫੇਕ ਐਨਕਾਊਂਟਰ ਮਾਮਲੇ ਵਿੱਚ 25 ਸਾਲ ਬਾਅਦ ਜਾਂਚ ਸ਼ੁਰੂ ਹੋਈ ਸੀ। ਹਾਈ ਕੋਰਟ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਹਾਈ ਕੋਰਟ ਵਿੱਚ ਮ੍ਰਿਤਕ ਸੁਖਪਾਲ ਦੀ ਪਤਨੀ ਦਲਬੀਰ ਕੌਰ ਲੈ ਕੇ ਪੁੱਜੀ ਸੀ ਅਦਾਲਤ ਵਿੱਚ ਉਨ੍ਹਾਂ ਨੇ ਪਟੀਸ਼ਨ ਦਰਜ ਕੀਤੀ ਸੀ।
ਪਟੀਸ਼ਨ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਨੇ ਕਿਹਾ ਕਿ 13 ਅਗਸਤ 1994 ਨੂੰ ਸੁਖਪਾਲ ਨੂੰ ਉਨ੍ਹਾਂ ਦੇ ਪਿੰਡ ਕਾਲਾ ਅਫ਼ਗਾਨਾ ਤੋਂ ਕੁਝ ਪੁਲਿਸ ਵਾਲੇ ਚੁੱਕ ਕੇ ਲੈ ਗਏ ਸਨ ਤੇ ਕਿਹਾ ਗਿਆ ਸੀ ਕਿ ਪੁੱਛਗਿੱਛ ਤੋਂ ਬਾਅਦ ਸੁਖਪਾਲ ਨੂੰ ਛੱਡ ਦਿੱਤਾ ਜਾਵੇਗਾ ਪਰ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।
ਸੁਖਪਾਲ ਸਿੰਘ ਨੂੰ ਅੱਤਵਾਦੀ ਗੁਰਨਾਮ ਸਿੰਘ ਵਡਾਲਾ ਉਰਫ਼ ਨੀਲਾ ਤਾਰਾ ਦਾ ਨਾਂਅ ਲੈ ਕੇ ਮਾਰ ਦਿੱਤਾ ਗਿਆ ਸੀ। ਬਾਅਦ ਵਿੱਚ ਅਸਲੀ ਅੱਤਵਾਦੀ ਵਡਾਲਾ ਨੂੰ ਜਿੰਦਾ ਪਾਇਆ ਗਿਆ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪਿਆ ਜਾਵੇ ਤੇ ਫਿਰ 2013 ਵਿੱਚ ਮਾਮਲਾ ਹਾਈ ਕੋਰਟ ਪਹੁੰਚਿਆ ਸੀ। ਐਨਕਾਊਂਟਰ ਤੋਂ 22 ਸਾਲਾਂ ਬਾਅਦ 2016 ਵਿੱਚ ਐਫ਼ਆਈਆਰ ਦਰਜ ਹੋਈ ਸੀ।