ਚੰਡੀਗੜ੍ਹ: ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਲਗਾਤਾਰ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
ਇਸ ਤਹਿਤ ਹੀ ਐਸਆਈਟੀ ਨੇ ਸ਼ੁੱਕਰਵਾਰ ਸਵੇਰੇ ਸੁਮੇਧ ਸਿੰਘ ਸੈਣੀ ਦੇ ਚੰਡੀਗੜ੍ਹ ਦੇ ਸੈਕਟਰ-20 ਵਿੱਚ ਸਥਿਤ ਘਰ ਤੇ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਕੁਰਾਲਾ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਵੀ ਐਸਆਈਟੀ ਨੂੰ ਸੈਣੀ ਨਹੀਂ ਮਿਲੇ।
ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਵੀ ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਦੀ ਭਾਲ ਲਈ ਦਿੱਲੀ ਵਿੱਚ ਛਾਪੇਮਾਰੀ ਕੀਤੀ ਸੀ। ਇਸ ਤੋਂ ਪਹਿਲਾਂ ਵੀ SIT ਉਨ੍ਹਾਂ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬਣੇ ਫ਼ਾਰਮ ਹਾਊਸ 'ਤੇ ਪਹੁੰਚੀ ਸੀ। ਸੁਮੇਧ ਸਿੰਘ ਸੈਣੀ ਦੀ ਭਾਲ ਲਈ ਵਿਸ਼ੇਸ਼ ਜਾਂਚ ਟੀਮ ਪਿਛਲੇ 10-15 ਦਿਨਾਂ ਤੋਂ ਭਾਲ ਕਰ ਰਹੀ ਹੈ ਤੇ ਸੈਣੀ ਵੀ ਫ਼ਰਾਰ ਚੱਲ ਰਹੇ ਹਨ। ਹੁਣ ਕੀ ਵਿਸ਼ੇਸ਼ ਜਾਂਚ ਟੀਮ ਨੂੰ ਸੈਣੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਹੋਵੇਗੀ।
ਕੀ ਹੈ ਮਾਮਲਾ
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਮਰਹੂਮ ਡੀਐਸਪੀ ਸਤਬੀਰ ਸਿੰਘ, ਰਿਟਾਇਰਡ ਐਸਪੀ ਬਲਦੇਵ ਸਿੰਘ, ਰਿਟਾਇਰਡ ਇੰਸਪੈਕਟਰ ਹਰਸਹਾਏ, ਜਗੀਰ ਸਿੰਘ, ਅਨੋਖ ਸਿੰਘ ਤੇ ਹੋਰਾਂ ਵਿਰੁੱਧ ਮਟੌਰ ਪੁਲਿਸ ਥਾਣੇ ਵਿੱਚ ਅਗਵਾ ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਮਾਮਲਾ ਉਸ ਵੇਲੇ ਦਾ ਹੈ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਵਜੋਂ ਸੇਵਾਵਾਂ ਨਿਭਾ ਰਹੇ ਸਨ। ਬਲਵੰਤ ਸਿੰਘ ਮੁਲਤਾਨੀ ਨੂੰ ਸੁਮੇਧ ਸਿੰਘ ਸੈਣੀ 'ਤੇ ਚੰਡੀਗੜ੍ਹ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਾਬੂ ਵਿੱਚ ਲਿਆ ਗਿਆ ਸੀ।
ਹਮਲੇ ਵਿੱਚ ਸੈਣੀ ਦੀ ਸੁਰੱਖਿਆ ਵਿੱਚ ਤਾਇਨਾਤ 4 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਦੋਸ਼ ਹੈ ਕਿ 1991 ਵਿੱਚ ਸੈਣੀ ਦੇ ਕਤਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਮੁਲਤਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਨੂੰ ਜੇਲ੍ਹ ਵਿੱਚ ਟਾਰਚਰ ਕੀਤਾ ਗਿਆ, ਫਿਰ ਦੱਸਿਆ ਗਿਆ ਕਿ ਬਲਵੰਤ ਗ੍ਰਿਫ਼ਤ 'ਚੋਂ ਭੱਜ ਗਿਆ ਹੈ।