ਚੰਡੀਗੜ੍ਹ: ਐੱਸਆਈਟੀ ਵੱਲੋਂ ਸੁਮੇਧ ਸਿੰਘ ਸੈਣੀ ਦੇ ਸੋਹਾਣਾ ਵਿਖੇ ਫਾਰਮ ਹਾਊਸ ਵਿੱਚ ਗ੍ਰਿਫ਼ਤਾਰੀ ਲਈ ਦਬਿਸ਼ ਦਿੱਤੀ ਗਈ। ਪਰ ਸੁਮੇਧ ਸੈਣੀ ਘਰ 'ਤੇ ਨਹੀਂ ਮਿਲੇ।
ਸੁਮੇਧ ਸੈਣੀ ਨੂੰ ਕੋਰਟ ਵੱਲੋਂ ਜ਼ਮਾਨਤ ਇਨ੍ਹਾਂ ਸ਼ਰਤਾਂ 'ਤੇ ਦਿੱਤੀ ਗਈ ਸੀ ਕਿ ਉਹ ਆਪਣਾ ਘਰ ਛੱਡ ਕੇ ਲੋਕਡਾਊਨ ਦੌਰਾਨ ਉਦੋਂ ਤੱਕ ਬਾਹਰ ਨਹੀਂ ਜਾਣਗੇ ਜਦੋਂ ਤੱਕ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਬਾਹਰੀ ਏਜੰਸੀ ਜਾਂ ਫਿਰ ਸੀਬੀਆਈ ਤੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਦੇ ਬਾਰੇ ਅੱਜ ਹਾਈਕੋਰਟ ਦੇ ਵਿੱਚ ਸੁਣਵਾਈ ਹੈ। ਮੋਹਾਲੀ ਕੋਰਟ ਤੋਂ ਸੈਣੀ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਹੈ।
ਕੀ ਹੈ ਪੂਰਾ ਮਾਮਲਾ
ਸੁਮੇਧ ਸਿੰਘ ਸੈਣੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ।
ਕਿਉਂਕਿ ਪੁਲਿਸ ਸੁਮੇਧ ਸਿੰਘ ਸੈਣੀ ਦੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਪੁਲਿਸ ਹਿਰਾਸਤ 'ਚੋਂ ਭੱਜ ਗਿਆ ਹੈ।
ਇਸ ਸਾਲ ਮਈ ਵਿੱਚ ਮੁਲਤਾਨੀ ਦੇ ਪਰਿਵਾਰ ਵੱਲੋਂ ਸੈਣੀ ਦੇ ਖ਼ਿਲਾਫ਼ ਮੋਹਾਲੀ ਵਿੱਚ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਸੁਮੇਧ ਸੈਣੀ ਫ਼ਿਲਹਾਲ ਜ਼ਮਾਨਤ 'ਤੇ ਬਾਹਰ ਹਨ।