ਚੰਡੀਗੜ੍ਹ: ਗੀਤਾਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ 'ਚ ਪਟਿਆਲਾ ਪੁਲਿਸ ਨੇ ਗਾਇਕ 'ਤੇ ਗੀਤਕਾਰ ਸ਼੍ਰੀ ਬਰਾੜ ਦੇ ਨਵੇਂ ਗੀਤ ਜਾਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਦਾ ਧੰਨਵਾਦ ਕਰਦਿਆਂ ਸਮਾਜ ਸੇਵਕ ਪ੍ਰੋ. ਪੰਡਿਤ ਧਰੇਨਵਰ ਨੇ ਕਿਹਾ ਕੀ ਗਾਣੇ 'ਚ ਪੁਲਿਸ ਵਿਵਸਥਾ ਨੂੰ ਗਲਤ ਤਰੀਕੇ ਨਾਲ ਦਿਖਾਉਣ ਸਣੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਸ਼ਬਦਾਵਲੀ ਤਹਿਤ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2019 ਵਿੱਚ ਦਿੱਤੇ ਹੁਕਮਾਂ ਮੁਤਾਬਕ ਲੱਚਰਤਾ, ਸ਼ਰਾਬੀ ਤੇ ਹਥਿਆਰਾਂ ਵਾਲੇ ਗਾਣੇ ਗਾਉਣ 'ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਕਈ ਸਿੰਗਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਤਹਿਤ ਪੁਲਿਸ ਵੱਲੋਂ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਂਗਸਟਰ ਤੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਵਚਨਬੱਧ ਹਨ।
ਪ੍ਰੋ. ਪੰਡਿਤ ਧਰੇਨਵਰ ਨੇ ਕਿਹਾ ਕਿ ਉੱਥੇ ਹੀ ਸਿੱਧੂ ਮੂਸੇਵਾਲਾ ਸਣੇ ਮਨਕੀਰਤ ਔਲਖ, ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਤੇ ਸ਼ੈਰੀ ਮਾਨ ਸਣੇ ਤਮਾਮ ਗਾਇਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਜ਼ਬਤ ਹਨ ਤੇ ਉਹ ਵਿਦੇਸ਼ਾਂ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਕਰ ਸਕਦੇ, ਜਲਦ ਹੀ ਪੁਲਿਸ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕਦੀ ਹੈ।