ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਕਾਫੀ ਚਰਚਾ ’ਚ ਰਹੇ। ਕਿਹਾ ਜਾ ਰਿਹਾ ਸੀ ਕਿ ਮਨਕੀਰਤ ਔਲਖ ਦਾ ਮੂਸੇਵਾਲਾ ਕਤਲਕਾਂਡ ’ਚ ਰੋਲ ਹੈ। ਜਿਸਦੀ ਮਨਕੀਰਤ ਵੱਲੋਂ ਸਫਾਈ ਵੀ ਦਿੱਤੀ ਗਈ ਸੀ। ਹਾਲਾਂਕਿ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲੀ ਗਈ ਹੈ।
ਮਨਕੀਰਤ ਔਲਖ ਨੂੰ ਕਲੀਨ ਚਿੱਟ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਹੈ। ਪੰਜਾਬ ਪੁਲਿਸ ਦੀ ਜਾਂਚ ’ਚ ਮਨਕੀਰਤ ਦੇ ਖਿਲਾਫ ਕਤਲਕਾਂਡ ਚ ਕੋਈ ਰੋਲ ਨਹੀਂ ਮਿਲਿਆ ਹੈ। ਹਾਲਾਂਕਿ ਲੱਗ ਰਹੇ ਇਲਜ਼ਾਮਾ ਦੌਰਾਨ ਮਨਕੀਰਤ ਔਲਖ ਨੇ ਕਈ ਵਾਰ ਇਸ ਸਬੰਧੀ ਸਫਾਈ ਵੀ ਦਿੱਤੀ ਸੀ।
ਗੈਂਗਸਟਰ ਬੰਬੀਹਾ ਗੈਂਗ ਵੱਲੋਂ ਲਗਾਇਆ ਸੀ ਇਲਜ਼ਾਮ: ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਗਾਇਕ ਮਨਕੀਰਤ ਔਲਖ ’ਤੇ ਇਸ ਕਤਲਕਾਂਡ ’ਚ ਸ਼ਾਮਲ ਹੋਣ ਦੀ ਗੱਲ ਆਖੀ ਗਈ ਸੀ। ਬੰਬੀਹਾ ਗੈਂਗ ਵੱਲੋਂ ਕਿਹਾ ਗਿਆ ਸੀ ਕਿ ਮਨਕੀਰਤ ਲਾਰੇਂਸ ਗੈਂਗ ਨੂੰ ਸਾਰੇ ਪੰਜਾਬੀ ਗਾਇਕਾਂ ਦੀ ਜਾਣਕਾਰੀ ਦਿੰਦਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਗਈ ਸੀ।
ਜਾਂਚ ਦੌਰਾਨ ਇਹ ਆਇਆ ਸਾਹਮਣੇ: ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਇਲਜ਼ਾਮ ਲਗਾਉਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਮਾਮਲੇ ਦੀ ਜਾਂਚ ’ਚ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਨਾਲ ਹੀ ਇਸ ਸਬੰਧੀ ਔਲਖ ਤੋਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਵੇਗੀ।
ਮਨਕੀਰਤ ਔਲਖ ਵੱਲੋਂ ਦਿੱਤੀ ਗਈ ਸਫਾਈ: ਕਾਬਿਲੇਗੌਰ ਹੈ ਕਿ ਮਨਕੀਰਤ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਨਾਲ ਹੀ ਸਫਾਈ ਦਿੰਦੇ ਹੋਏ ਕਿਹਾ ਕਿ, "ਕੋਈ ਮੈਨੂੰ ਕਿੰਨਾ ਵੀ ਮਾੜਾ ਬਣਾ ਲਵੇ। ਕਿੰਨੀਆਂ ਝੂਠੀਆਂ ਖਬਰਾਂ ਫੈਲਾਈਆਂ ਜਾਣ। ਮੈਂ ਸੋਚ ਵੀ ਨਹੀਂ ਸਕਦਾ ਕਿ ਮਾਂ ਆਪਣੇ ਪੁੱਤਰ ਨੂੰ ਖੋਹ ਲੈਂਦੀ ਹੈ। ਮੈਨੂੰ ਇੱਕ ਸਾਲ ਤੋਂ ਧਮਕੀਆਂ ਮਿਲ ਰਹੀਆਂ ਹਨ। ਇਹ ਕੋਈ ਸਾਧਾਰਨ ਗੱਲ ਨਹੀਂ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਹੌਲ ਵਿਚ ਮਾਨਸਿਕ ਅਤੇ ਸਰੀਰਕ ਤੌਰ 'ਤੇ ਹਰ ਰੋਜ਼ ਜੀਅ ਰਹੇ ਹਨ। ਕੀ ਗਲਤ ਹੈ ਜੇਕਰ ਮੈਂ ਆਪਣੇ ਆਪ ਨੂੰ ਬਚਾਉਣ ਲਈ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਵਾਂ? ਇਸ ਦੀ ਤਹਿ ਤੱਕ ਪਹੁੰਚੇ ਬਿਨਾਂ ਕਿਸੇ ਨੂੰ ਦੋਸ਼ੀ ਨਾ ਬਣਾਓ।"
ਮੂਸੇਵਾਲਾ ਦੀ ਮਾਂ ਨਾਲ ਵੀਡੀਓ ਕੀਤੀ ਸੀ ਸ਼ੇਅਰ : ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਸਾਂਝੀ ਕੀਤੀ ਗਈ ਵੀਡੀਓ ਚ ਮਨਕੀਰਤ ਔਲਖ ਮੂਸੇਵਾਲਾ ਦੀ ਮਾਂ ਦੇ ਨਾਲ ਨਜ਼ਰ ਆ ਰਹੇ ਸੀ। ਵੀਡੀਓ ਚ ਉਹ ਕਹਿੰਦੇ ਨਜ਼ਰ ਆਏ ਕਿ ਸਿੱਧੂ ਮੂਸੇਵਾਲਾ ਨਹੀਂ ਆ ਸਕਿਆ। ਉਸ ਦੀ ਮਾਤਾ (ਸਰਪੰਚ ਚਰਨ ਕੌਰ) ਆਈ ਹੋਈ ਹੈ। ਮਨਕੀਰਤ ਨੇ ਉਸਨੂੰ ਸਤਿ ਸ਼੍ਰੀ ਅਕਾਲ ਬੁਲਾਇਆ ਅਤੇ ਜੱਫੀ ਪਾ ਲਈ। ਫਿਰ ਮਨਕੀਰਤ ਔਲਖ ਨੇ ਸਿੱਧੂ ਦਾ 'ਧੱਕਾ' ਗਾਉਣ ਨੂੰ ਕਿਹਾ।
ਇਹ ਵੀ ਪੜੋ: ਤਸਕਰੀ ਦੀ ਕੋਸ਼ਿਸ਼ ਨਾਕਾਮ: ਸਰਹੱਦੀ ਖੇਤਰ ’ਚ 3 ਪੈਕੇਟ ਹੈਰੋਇਨ, ਪਿਸਤੌਲ ਅਤੇ ਮੈਗਜ਼ੀਨ ਬਰਾਮਦ