ਚੰਡੀਗੜ੍ਹ: ਸਿੱਖ ਪਿਉ-ਪੁੱਤ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਦੁੱਖ ਜਤਾਉਂਦਿਆਂ ਹੋਇਆਂ ਸਿੱਖ ਭਾਈਚਾਰੇ ਵੱਲੋਂ ਸੈਕਟਰ-22 ਦੇ ਗੁਰਦੁਆਰਾ ਸਾਹਿਬ ਤੋਂ ਰੋਸ ਮਾਰਚ ਕੱਢਿਆ ਗਿਆ।
ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੋਤ ਸਿੰਘ ਨੇ ਕਿਹਾ ਕਿ ਦਿੱਲੀ 'ਚ ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ ਨਿੰਦਣਯੋਗ ਹੈ, ਤੇ ਇਸ ਤਰ੍ਹਾਂ ਦਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖ ਵਿਅਕਤੀ ਤੇ ਨਾਬਾਲਗ਼ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਤੇ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।
ਦੱਸ ਦਈਏ ਕਿ ਬੀਤੀ ਰਾਤ ਦਿੱਲੀ ਦੇ ਮੁਖਰਜੀ ਨਗਰ 'ਚ ਸਿੱਖ ਆਟੋ ਡਰਾਈਵਰ ਅਤੇ ਇੱਕ ਨਾਬਾਲਗ਼ ਨੂੰ ਦਿੱਲੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਪੁਲਿਸ ਵੱਲੋਂ ਸਿੱਖ ਆਟੋ ਡਰਾਈਵਰ ਦੀ ਪੱਗ ਦੀ ਬੇਅਦਬੀ ਵੀ ਕੀਤੀ ਗਈ। ਇਸ ਪੁਰੀ ਘਟਨਾ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਕੈਮਰੇ ਵਿੱਚ ਕੈਦ ਕਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਮਾਮਲੇ 'ਚ ਹੁਣ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।