ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸਾਥੀ ਰਹੇ ਅਧਿਕਾਰੀਆਂ ਨੂੰ ਇੱਕ ਸਲਾਹ ਦਿੱਤੀ ਗਈ ਹੈ। ਮੁਸਤਫ਼ਾ ਨੇ ਸੂਬੇ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਲਾਹ ਦਿੰਦੇ ਹੋਏ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਮਾਂ ਦਾ ਵੀ ਜ਼ਿਕਰ ਕੀਤਾ ਹੈ।
ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ‘ਮੇਰੇ ਆਪਣੇ ਸਾਰੇ ਪੁਰਾਣੇ ਪੁਲਿਸ ਅਤੇ ਦੂਸਰੇ ਪ੍ਰਸ਼ਾਸਨਿਕ ਮਹਿਕਮਿਆਂ ਦੇ ਸਾਥੀਆਂ ਨੂੰ ਸਲਾਹ ਹੈ ਕਿ ਉਹ 2022 ਤੋਂ ਬਾਅਦ ਪੰਜਾਬ ਵਿੱਚ ਸਰਕਾਰ ਕਿਸ ਦੀ ਹੋਵੇਗੀ, ਬਾਰੇ ਅੰਦਾਜ਼ੇ ਲਾਉਣੇ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣ। ਕਿਤੇ ਇਹ ਨਾ ਹੋਵੇ ਕਿ ਅਜਿਹੇ ਅੰਦਾਜ਼ਾ ਲਾਉਂਦੇ, ਕਿਸੇ ਨਵੀਂ ਮੁਸੀਬਤ ਵਿੱਚ ਫ਼ਸ ਜਾਣ। ਕਿਉਂਕਿ ਤੁਹਾਡੇ ਵਿੱਚੋਂ ਹਰ ਕੋਈ ਸੁਰੇਸ਼, ਦਿਨਕਰ ਜਾਂ ਅਰੋੜਾ ਨਹੀਂ ਬਣ ਸਕਦਾ, ਜਿਨ੍ਹਾਂ ਨੂੰ ਇਹ ਇਲਾਹੀ ਬਖ਼ਸ਼ ਹੈ ਕਿ ਉਹ ਆਲੂ ਵਾਂਗ ਹਰ ਸਬਜ਼ੀ ਵਿੱਚ ਫਿੱਟ ਹੋ ਸਕਦੇ ਹਨ।
ਮੁਸਤਫ਼ਾ ਨੇ ਆਪਣੇ ਸਾਬਕਾ ਸਾਥੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਕਿਆਸ ਅਰਾਈਆਂ ਲਗਾਉਣੀਆਂ ਛੱਡ ਦੇਣ ਕਿ 2022 ਚੋਣਾਂ ਦੇ ਨਤੀਜੇ ਵਜੋਂ ਕੌਣ ਸਰਕਾਰ ਬਣਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਹੀ 2022 ਵਿੱਚ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ।
ਉਨ੍ਹਾ ਕਿਹਾ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਸਤਿਕਾਰਿਤ ਹਨ, ਜੋ ਕਦੇ ਵੀ ਆਪਣੀ ਜ਼ਮੀਰ ਅਤੇ ਆਤਮਾ ਦਾ ਸੌਦਾ ਨਹੀਂ ਕਰਨਗੇ। ਤੁਸੀਂ ਮੇਰੇ ’ਤੇ ਭਰੋਸਾ ਕਰੋ, ਇਹੋ ਜਿਹੇ ਮੌਕਾ ਪ੍ਰਸਤ, ਬੇਜ਼ਮੀਰ ਅਫ਼ਸਰਾਂ ਦਾ ਜਲਦੀ ਹੀ ਵਹਿਮ ਦੂਰ ਹੋ ਜਾਵੇਗਾ ਕਿਉਂਕਿ 2022 ਵਿੱਚ ਸਾਡੀ ਹੀ ਸਰਕਾਰ ਹੋਰ ਵੀ ਭਾਰੀ ਬਹੁਮਤ ਨਾਲ ਆ ਰਹੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸਾਡਾ ਮੁੱਖ ਮੰਤਰੀ ਅਜਿਹਾ ਹੋਵੇਗਾ ਜੋ ਪੰਜਾਬ, ਪੰਜਾਬੀ, ਪੰਜਾਬੀਅਤ, ਕਾਂਗਰਸ ਅਤੇ ਇਸ ਦੀ ਲੀਡਰਸ਼ਿਪ ਅੱਗੇ ਪੂਰਾ ਸਮਰਪਿਤ ਹੋਵੇਗਾ।’
ਇਹ ਵੀ ਪੜ੍ਹੋ:ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ 'ਚ ਰੱਖੇ ਇਹ ਵੱਡੇ ਵਿਚਾਰ