ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇੱਕ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਖਰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਕਿੰਨ੍ਹੇ ਸ਼ਾਰਪ ਸ਼ੂਟਰਸ ਸਨ ਜਿੰਨ੍ਹਾਂ ਨੇ 29 ਮਈ ਨੂੰ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਹਨ। ਇਹ ਸਵਾਲ ਪਿਛਲੇ ਦਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਐਨਕਾਊਂਟਰ ਦੌਰਾਨ ਮਾਰੇ ਗਏ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਲੈਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਦੇ ਬਿਆਨ ਤੋਂ ਬਾਅਦ ਖੜ੍ਹੇ ਹੋਣ ਲੱਗੇ ਹਨ।
ਗੋਲਡੀ ਬਰਾੜ ਦੀਆਂ ਪੋਸਟ ਤੋ ਬਾਅਦ ਨਵਾਂ ਬਵਾਲ: ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ’ਤੇ ਮਾਰੇ ਸ਼ੂਟਰ ਰੂਪਾ ਅਤੇ ਮੰਨੂੰ ਨੂੰ ਲੈਕੇ ਪੋਸ਼ਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਨੂੰ 8 ਗੈਂਗਸਟਰਾਂ ਨੇ ਮੌਤ ਦੇ ਘਾਟ ਉਤਾਰਿਆ ਸੀ ਪਰ ਰੂਪਾ ਤੇ ਮੰਨੂੰ ਨੂੰ 1000 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਨਾਲ ਹੀ ਉਸਨੇ ਕਿਹਾ ਸੀ ਉਸਦੇ ਦੋਵੇਂ ਬੱਬਰ ਸ਼ੇਰਾਂ ਨੇ ਕਰੀਬ 6 ਘੰਟੇ ਤੱਕ ਪੁਲਿਸ ਦਾ ਡਟ ਕੇ ਮੁਕਾਬਲਾ ਕੀਤਾ ਹੈ।
ਦਿੱਲੀ ਤੇ ਪੰਜਾਬ ਪੁਲਿਸ ਦੀ ਜਾਂਚ 'ਤੇ ਸਵਾਲ!: ਗੋਲਡੀ ਬਰਾੜ ਦੇ ਸਾਹਮਣੇ ਆਏ ਇਸ ਬਿਆਨ ਤੋਂ ਬਾਅਦ ਇਹ ਸਵਾਲ ਖੜ੍ਹੇ ਹੋਣ ਲੱਗੇ ਹਨ ਕਿ ਆਖਰ ਮੂਸੇਵਾਲਾ ਨੂੰ ਕਿੰਨ੍ਹੇ ਮੁਲਜ਼ਮਾਂ ਵੱਲੋ ਮਾਰਿਆ ਗਿਆ ਹੈ ਕਿਉਂਕਿ ਜੇਕਰ ਪੰਜਾਬ ਪੁਲਿਸ ਦੀ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਜਾਂਚ ਨੂੰ ਦੇਖਿਆ ਜਾਵੇ ਤਾਂ ਉਸ ਵੱਲੋਂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ 6 ਸ਼ਾਰਪ ਸ਼ੂਟਰਸ ਦੱਸੇ ਗਏ ਹਨ ਜਦਿਕ ਦਿੱਲੀ ਪੁਲਿਸ ਵੱਲੋਂ ਸ਼ੁਰੂਆਤੀ ਜਾਂਚ ਵਿੱਚ 8 ਸ਼ਾਰਪ ਸ਼ੂਟਰਸ ਦੱਸੇ ਗਏ ਸਨ। ਇਸ ਤੋਂ ਬਾਅਦ ਹੁਣ 6 ਸ਼ਾਰਪ ਸ਼ੂਟਰਸ ਦੀ ਚਰਚਾ ਚੱਲ ਰਹੀ ਸੀ ਕਿ 6 ਸ਼ੂਟਰਾਂ ਵੱਲੋਂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਮੂਸੇਵਾਲਾ ਨੂੰ ਮਾਰਨ ਵਾਲੇ 2 ਹੋਰ ਕੌਣ ? ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਦੇ ਦਾਅਵੇ ਤੋਂ ਬਾਅਦ ਇਹ ਸਵਾਲ ਹੋਣ ਲੱਗੇ ਹਨ ਕਿ ਜੇਕਰ ਗੋਲਡੀ ਬਰਾੜ 8 ਸ਼ੂਟਰਾਂ ਦਾ ਦਾਅਵਾ ਕਰ ਰਿਹਾ ਹੈ ਤਾਂ ਫਿਰ ਜਿਹੜੇ 2 ਸ਼ੂਟਰਸ ਹਨ ਉਹ ਕੌਣ ਹਨ? ਜਿੰਨ੍ਹਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ। ਇਹ ਆਪਣੇ ਵਿੱਚ ਇੱਕ ਵੱਡਾ ਸਵਾਲ ਹੈ। ਇਸ ਨੂੰ ਲੈਕੇ ਹੁਣ ਪੁਲਿਸ ਦੀ ਜਾਂਚ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਦਿੱਲੀ ਪੁਲਿਸ ਨੇ ਜਾਰੀ ਕੀਤੀਆਂ ਸੀ 8 ਸ਼ੂਟਰਾਂ ਦੀਆਂ ਤਸਵੀਰਾਂ: ਦੱਸ ਦਈਏ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ 8 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ। ਇਸ ਤਸਵੀਰਾਂ ਦੀ ਸੂਚੀ ਵਿੱਚ ਗੈਂਗਸਟਰ ਜਗਰੂਪ ਰੂਪਾ, ਮਨਪ੍ਰੀਤ ਮੰਨੂ, ਪ੍ਰਿਅਵਰਤ ਫੌਜੀ, ਮਨਪ੍ਰੀਤ ਭੋਲੂ, ਸੁਭਾਸ਼ ਬਨੋਦਾ, ਸੰਤੋਸ਼ ਜਾਧਵ, ਸੌਰਵ ਮਹਾਕਾਲ ਅਤੇ ਹਰਕਮਲ ਰਾਣੂ ਦੇ ਨਾਂ ਸ਼ਾਮਲ ਸਨ। ਇਸ ਤੋਂ ਬਾਅਦ ਜਾਂਚ ਵਿੱਚ ਜਗਰੂਪ ਰੂਪਾ, ਮੰਨੂ, ਫੌਜੀ , ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਦੇ ਨਾਮ ਸ਼ਾਮਲ ਕੀਤੇ ਗਏ ਹਨ।
ਗੋਲਡੀ ਬਰਾੜ ਦਾ ਦਾਅਵਾ ਸੱਚਾ ਜਾਂ ਝੂਠਾ ? ਮੂਸੇਵਾਲਾ ਮਾਮਲੇ ਵਿੱਚ ਬਾਕੀ ਸ਼ੂਟਰਾਂ ਨੂੰ ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ ਹੈ। ਫਿਲਹਾਲ ਇਸ ਮਸਲੇ ਨੂੰ ਲੈਕੇ ਪੰਜਾਬ ਅਤੇ ਦਿੱਲੀ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਆਉਣ ਵਾਲੇ ਦਿਨ੍ਹਾਂ ਵਿੱਚ ਦੇਖਣਾ ਹੋਵੇਗਾ ਕਿ ਪੁਲਿਸ ਗੋਲਡੀ ਬਰਾੜ ਦੇ ਦਾਅਵੇ ਨੂੰ ਕਿਸ ਤਰ੍ਹਾਂ ਠਹਿਰਾਉਂਦੀ ਹੈ।
ਇਹ ਵੀ ਪੜ੍ਹੋ: Sidhu Moosewala murder case: ਐਨਕਾਊਂਟਰ ’ਤੇ ਗੋਲਡੀ ਬਰਾੜ ਦਾ ਵੱਡਾ ਬਿਆਨ, ਪੁਲਿਸ ਨੂੰ ਵੀ ਦਿੱਤੀ ਇਹ ਸਲਾਹ