ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਆਇਆ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸਗੋਂ ਇਹ ਦਿਨੋ ਦਿਨ ਹੋਰ ਤੀਵਰ ਹੁੰਦਾ ਜਾ ਰਿਹਾ ਹੈ। ਸਿੱਧੂ ਦੀਆਂ ਸਰਗਰਮੀਆਂ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਵਿੱਚ ਵੱਡੀ ਹਿਲਜੁਲ ਕੀਤੀ ਹੋਈ ਹੈ। ਦੂਜੇ ਪਾਸੇ ਉਹ ਆਪ ਅਸਤੀਫਾ ਦੇ ਕੇ ਵੀ ਪ੍ਰਧਾਨ ਬਣੇ ਹੋਏ ਹਨ। ਉਨ੍ਹਾਂ ਦੇ ਟਵੀਟਰ ਅਕਾਊਂਟ ‘ਤੇ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਅਜੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਹਨ। ਹਾਲਾਂਕਿ ਬੀਤੇ ਦਿਨ ਮੰਤਰੀਆਂ ਵਿਚਾਲੇ ਮਹਿਕਮਿਆਂ ਦੀ ਵੰਡ ਤੋਂ ਇੱਕ ਘੰਟੇ ਬਾਅਦ ਹੀ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਹਾਈਕਮਾਂਡ ਨੇ ਇਸ ‘ਤੇ ਆਪ ਫੈਸਲਾ ਕਰਨ ਦੀ ਬਜਾਇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਕਿ ਉਹ ਆਪਣੇ ਪੱਧਰ ‘ਤੇ ਹੀ ਇਸ ਮੁੱਦੇ ਨੂੰ ਸੁਲਝਾ ਲੈਣ।
ਸੂਤਰ ਦੱਸਦੇ ਹਨ ਕਿ ਦੋ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਤੇ ਪਰਗਟ ਸਿੰਘ (Pargat Singh) ਸ਼ਾਮਲ ਹਨ, ਨਵਜੋਤ ਸਿੱਧੂ ਨਾਲ ਗੱਲਬਾਤ ਕਰਨਗੇ। ਉਂਜ ਇਸ ਤੋਂ ਪਹਿਲਾਂ ਪਰਗਟ ਸਿੰਘ ਇਹ ਕਹਿ ਚੁੱਕੇ ਹਨ ਕਿ ਅੱਜ ਸ਼ਾਮ ਤੱਕ ਇਹ ਮਸਲਾ ਸੁਲਝਾ ਲਿਆ ਜਾਵੇਗਾ ਪਰ ਜਿੱਥੇ ਤੱਕ ਸਿੱਧੂ ਦੀ ਨਰਾਜਗੀ ਦੂਰ ਕਰਨ ਦੀ ਗੱਲ ਹੈ, ਉਹ ਇੰਨੀ ਛੇਤੀ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ। ਸੂਤਰ ਦੱਸਦੇ ਹਨ ਕਿ ਉਹ ਮੁੱਖ ਤੌਰ ‘ਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਲਗਾਉਣ ਅਤੇ ਏ.ਪੀ.ਐਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦੇ ਪੱਖ ਵਿੱਚ ਨਹੀਂ ਸਨ ਤੇ ਇਨ੍ਹਾਂ ਦੀ ਥਾਂ ਹੋਰ ਵਿਅਕਤੀਆਂ ਨੂੰ ਇਨ੍ਹਾਂ ਅਹੁਦਿਆਂ ‘ਤੇ ਨਿਯੁਕਤ ਕਰਵਾਉਣਾ ਚਾਹੁੰਦੇ ਸੀ।
ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਨਿਯੁਕਤੀਆਂ ਨੂੰ ਦਾਗੀ ਵਿਅਕਤੀਆਂ ਦੀ ਨਿਯੁਕਤੀਆਂ ਕਰਾਰ ਦਿੱਤਾ ਹੈ ਤੇ ਜੇਕਰ ਸਿੱਧੂ ਇਸ ਗੱਲ ‘ਤੇ ਅੜਦੇ ਹਨ ਕਿ ਇਨ੍ਹਾਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇ ਤਾਂ ਇਹ ਪੰਜਾਬ ਸਰਕਾਰ ਲਈ ਸੁਖਾਲਾ ਨਹੀਂ ਹੋਵੇਗਾ ਕਿ ਕਿਸੇ ਡੀਜੀਪੀ ਜਾਂ ਐਡਵੋਕੇਟ ਜਨਰਲ ਨੂੰ ਇੱਕ-ਦੋ ਦਿਨਾਂ ਵਿੱਚ ਹੀ ਅਹੁਦੇ ਤੋਂ ਲਾਹ ਦਿੱਤਾ ਜਾਵੇ। ਇਥੇ ਇਹ ਵੀ ਜਿਕਰਯੋਗ ਹੈ ਕਿ ਸੀਐਨ ਚੰਨੀ ਨੇ ਇਸੇ ਦੌਰਾਨ ਇੱਕ ਬਿਆਨ ਵੀ ਦਿੱਤਾ ਹੈ ਕਿ ਪੰਜਾਬ ਦੇ ਮਾਮਲਿਆਂ ਦੀ ਪੈਰਵੀ ਲਈ ਇੱਕ ਉੱਚ ਕੋਟੀ ਦਾ ਵਕੀਲ ਅਤੇ 10 ਹੋਰ ਵਕੀਲਾਂ ਦਾ ਇੱਕ ਪੈਨਲ ਵੀ ਬਣਾਇਆ ਜਾ ਰਿਹਾ ਹੈ। ਇਹ ਅਜੇ ਤੈਅ ਨਹੀਂ ਹੈ ਕਿ ਇਹ ਪੈਨਲ ਏਜੀ ਤੋਂ ਉੱਤੇ ਹੋਵੇਗਾ ਜਾਂ ਏਜੀ ਨਾਲ ਤਾਲਮੇਲ ਤਹਿਤ ਕੰਮ ਕਰੇਗਾ।
ਇਹ ਵੀ ਪੜ੍ਹੋ:ਚੰਨੀ ਸਰਕਾਰ ਵੱਲੋਂ ਦੋ ਕਿਲੋਵਾਟ ਵਾਲਿਆਂ ਦਾ ਬਿਜਲੀ ਬਿਲ ਮਾਫ