ਚੰਡੀਗੜ੍ਹ: ਚੋਣਾਂ ਦੇ ਦੋ ਦਿਨ ਪਹਿਲਾਂ ਭਾਜਪਾ ਨੂੰ ਝਟਕਾ ਦਿੰਦਿਆਂ ਮੁਹਾਲੀ ਤੋਂ ਚਾਰ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਸੈਕਟਰ 39 ਸਥਿਤ ਸਰਕਾਰੀ ਨਿਵਾਸ ਸਥਾਨ ਵਿਖੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ ਭਾਜਪਾ ਦੇ ਚਾਰ ਉਮੀਦਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਮੁਹਾਲੀ ਦੇ ਵਾਰਡ ਨੰਬਰ 9 ਤੋਂ ਉਮੀਦਵਾਰ ਅਰਜਿੰਦਰ ਕੌਰ ਵਾਰਡ ਨੰਬਰ 21 ਤੋਂ ਕ੍ਰਿਸ਼ਨਾ ਰਾਣੀ ਵਾਰਡ ਨੰਬਰ 26, ਪਰਮਜੀਤ ਕੌਰ ਵਾਰਡ ਨੰਬਰ 39 ਤੇ ਬਿਮਲਾ ਰਾਣੀ ਨੇ ਪਾਰਟੀ ਨੂੰ ਛੱਡ ਦਿੱਤਾ।
ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਗੁਰਦਾਸਪੁਰ ਤੋਂ ਸਾਂਸਦ ਤੇ ਅਦਾਕਾਰ ਸੰਨੀ ਦਿਓਲ ਸਣੇ ਪੰਜਾਬ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਪਿੱਠ ਚ ਛੁਰਾ ਮਾਰਿਆ। ਇਸ ਕਾਰਨ ਭਾਜਪਾ ਦਾ ਸੂਬੇ ਭਰ ਵਿੱਚ ਵਿਰੋਧ ਹੋ ਰਿਹਾ ਇੰਨਾ ਹੀ ਨਹੀਂ ਕੁੱਝ ਇੱਕ ਭਾਜਪਾ ਦੇ ਉਮੀਦਵਾਰ ਆਜ਼ਾਦ ਬਿਨਾਂ ਚੋਣ ਨਿਸ਼ਾਨ ਤੇ ਲੜ ਰਹੇ ਨੇ ਤਾਂ ਉੱਥੇ ਹੀ ਕਾਂਗਰਸ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਸਥਾਨਕ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ।