ਅੱਜ ਦਾ ਦਿਨ ਯਾਨੀ 23 ਮਾਰਚ ਭਾਰਤ ਦੇ ਮਹਾਨ ਸ਼ਹੀਦਾ ਦੀ ਸ਼ਹਾਦਤ ਦਾ ਦਿਨ ਹੈ। ਅੱਜ ਦੇ ਦਿਨ ਜਾਲਮ ਅੰਗਰੇਜ਼ੀ ਹਕੂਮਤ ਦੇ ਜੂਲੇ 'ਚੋਂ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਜ਼ਾਦੀ ਦੇ ਤਿੰਨ ਪ੍ਰਵਾਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ।
28 ਸਤੰਬਰ 1907 ਉਹ ਦਿਨ ਜਿਸ ਦਿਨ ਇੱਕ ਬਾਲਕ ਨੇ ਮਾਤਾ ਵਿਦਿਆਵਤੀ ਤੇ ਪਿਤਾ ਕਿਸ਼ਨ ਸਿੰਘ ਦੇ ਘਰ ਜਨਮ ਲਿਆ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਘਰ ਜਨਮ ਲੈਣ ਵਾਲਾ ਬੱਚਾ ਦੇਸ਼ ਲਈ ਆਜ਼ਾਦ ਹੋਵੇਗਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਦੀ।
ਸ਼ਹੀਦ ਭਗਤ ਸਿੰਘ 20ਵੀਂ ਸਦੀ ਦਾ ਮਹਾਨ ਪੰਜਾਬੀ ਨਾਇਕ ਹੈ। ਉਹ ਸਿਰਫ ਇੱਕ ਸ਼ਹੀਦ ਹੀ ਨਹੀਂ ਸਗੋਂ ਉਹ ਇੱਕ ਚਿੰਤਕ, ਕਲਾ ਪ੍ਰੇਮੀ, ਰਾਜਸ਼ੀ ਕਾਰਕੁੰਨ ਅਤੇ ਜੰਗਜੂ ਇਨਕਲਾਬੀ ਵਰਗੇ, ਉਚ ਪਾਏ ਦੇ ਗੁਣਾਂ ਦਾ ਵੀ ਮੁੱਜਸਮਾ ਸੀ।
ਦੱਸ ਦਈਏ, ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ 'ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ 24 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ ਸੀ ਪਰ ਸਮੇਂ ਵਿੱਚ ਫੇਰ ਬਦਲ ਕੀਤੀ ਅਤੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਦੱਸ ਦਈਏ, ਆਪਣੇ ਨਾਇਕਾ ਦੀ ਸ਼ਹਾਦਤ ਦੇ ਰੋਸ ਤੋਂ ਘਬਰਾਈ ਸਰਕਾਰ ਨੇ ਯੋਧਿਆਂ ਦਾ ਦਾਹ ਸਸਕਾਰ ਕਰਨ ਦੀ ਥਾਂ ਉਨ੍ਹਾਂ ਦੀਆਂ ਅਧਸੜੀਆਂ ਲਾਸ਼ਾਂ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਸੀ, ਤੇ ਇਸੇ ਤਰ੍ਹਾਂ ਉਹ ਦੇਸ਼ ਲਈ ਆਪਣਾ ਆਪਾ ਵਾਰ ਗਏ, ਜਿਨ੍ਹਾਂ ਦੀ ਕੁਰਬਾਨੀ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਨਾਲ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲ ਕੇ ਆਪਣੇ ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਅੱਜ ਪੂਰਾ ਦੇਸ਼ ਯਾਦ ਕਰਦਾ ਹੈ ਤੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਾ ਹੈ। ਇਸ ਦੇ ਨਾਲ ਹੀ ਹਰੇਕ ਬੱਚਾ-ਬੱਚਾ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਾ ਹੈ।