ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਨੇ 25 ਸਤੰਬਰ ਨੂੰ ਪੰਜਾਬ ਭਰ 'ਚ ਚੱਕਾ ਜਾਮ ਕਰਨ ਤੇ ਵੱਡੇ ਪੱਧਰ 'ਤੇ ਧਰਨੇ ਦੇਣ ਦਾ ਐਲਾਨ ਕੀਤਾ ਹੈ। ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ ਵਾਲਾ ਅਕਾਲੀ ਦਲ ਹੁਣ ਕਿਸਾਨਾਂ ਦੇ ਹੱਕ 'ਚ ਨਿੱਤਰਿਆ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਮਗਰੋਂ ਅਕਾਲੀ ਦਲ ਕਿਸਾਨਾਂ ਦੇ ਸਮਰਥਕ ਵਜੋਂ ਕੰਮ ਕਰ ਰਿਹਾ ਹੈ। ਅਕਾਲੀ ਦਲ ਦੇ ਆਗੂਆਂ ਵੱਲੋਂ ਕੇਂਦਰੀ ਸਰਕਾਰ ਖਿਲਾਫ ਲਗਾਤਾਰ ਬਿਆਨਬਾਜ਼ੀ ਜਾਰੀ ਹੈ। ਇਸ ਦੌਰਾਨ ਖੇਤੀ ਆਰਡੀਨੈਂਸਾਂ ਖਿਲਾਫ ਅਵਾਜ ਬੁਲੰਦ ਕਰਦਿਆਂ ਅਕਾਲੀ ਦਲ ਨੇ ਆਗਮੀ 25 ਸਤੰਬਰ ਨੂੰ ਪੰਜਾਬ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 25 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸੂਬੇ ਭਰ 'ਚ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਵੱਲੋਂ ਕੇਂਦਰੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤੇ ਧਰਨੇ ਦਿੱਤੇ ਜਾਣਗੇ। ਇਸ ਦਿਨ 3 ਘੰਟਿਆਂ ਦੇ ਲਈ ਪੰਜਾਬ ਭਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਜਾਰੀ ਰਹਿਣਗੇ। ਇਹ ਫੈਸਲਾ ਅਕਾਲੀ ਦਲ ਦੀ ਹੋਈ ਵਰਚੁਅਲ ਮੀਟਿੰਗ 'ਚ ਲਿਆ ਗਿਆ ਹੈ।
ਚੀਮਾ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 26 ਸਤੰਬਰ ਤੋਂ 29 ਸਤੰਬਰ ਤੱਕ ਸੁੱਬੇ ਭਰ ਦੇ ਅਕਾਲੀ ਵਰਕਰਾਂ, ਕਿਸਾਨਾਂ ਤੇ ਕਿਸਾਨ ਜੱਥੇਬੰਦੀਆਂ ਨਾਲ ਬੈਠਕ ਕਰਨਗੇ। 1 ਅਕਤੂਬਰ ਨੂੰ ਪੰਜਾਬ ਦੇ ਤਿੰਨ ਤਖਤਾਂ ਤੋਂ ਅਕਾਲੀ ਆਗੂ ਮੋਹਾਲੀ ਦੇ ਦੁਸਹਿਰਾ ਗਰਾਉਂਡ ਪਹੁੰਚਣਗੇ। ਇਥੇ ਰੋਸ ਰੈਲੀ ਮਗਰੋਂ ਅਕਾਲੀ ਦਲ ਵੱਲੋਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਖੇਤੀ ਆਰਡੀਨੈਂਸਾਂ ਨੂੰ ਰੱਦ ਕੀਤੇ ਜਾਣ ਸਬੰਧੀ ਰਾਸ਼ਟਰਪਤੀ ਦੇ ਨਾਂਅ ਮੈਮੋਰੈਂਡਮ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾ ਤੇ ਹੱਕਾਂ ਲਈ ਕੰਮ ਕਰਦੀ ਰਹੀ ਹੈ ਤੇ ਕਰਦੀ ਰਹੇਗੀ।