ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਵਿੱਚ ਦਿੱਤੀ ਢਿੱਲ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੀਤਾ।
ਚੀਮਾ ਨੇ ਕਿਹਾ ਕਿ ਢਿੱਲ ਦੇ ਨਾਲ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਚੀਮਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਮੱਧ ਵਰਗੀ ਪਰਿਵਾਰ ਜਾਂ ਮਜ਼ਦੂਰ 7 ਵਜੇ ਤੋਂ 11 ਵਜੇ ਤੱਕ ਕਿੰਨੀ ਦਿਹਾੜੀ ਕਰ ਲੈਣਗੇ ਅਤੇ ਕਿੰਨੇ ਪੈਸੇ ਕਮਾ ਲੈਣਗੇ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਅਫਸਰਾਂ ਨਾਲ ਕੋਈ ਤਾਲਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਰਫਿਊ 'ਚ ਢਿੱਲ ਦਿੰਦੇ ਹਨ ਪਰ ਕਈ ਡੀਸੀ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਜ਼ਿਲੇ ਚ ਲਾਗੂ ਨਹੀਂ ਕਰਦੇ ਜਿੱਥੋਂ ਸਾਫ਼ ਪਤਾ ਚੱਲਦਾ ਕਿ ਸਰਕਾਰ ਬਿਨਾਂ ਅਫ਼ਸਰਾਂ ਦੇ ਤਾਲਮੇਲ ਨਾਲ ਚੱਲ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਰਾਸ਼ਨ ਪਾਣੀ ਲੈਣ ਦੇ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ 7 ਤੋਂ 11 ਵਜੇ ਦੇ ਵਿਚਕਾਰ ਢਿੱਲ ਦੇਣ ਨਾਲ ਲੋਕਾਂ ਨੂੰ ਸਹੂਲਤ ਨਹੀਂ ਹੋਵੇਗੀ ਸਗੋਂ ਭੀੜ ਜ਼ਿਆਦਾ ਵਧੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪਿਛਲੇ 12 ਦਿਨਾਂ ਤੋਂ ਫ਼ਸਲ ਸੁੱਟ ਰਹੇ ਕਿਸਾਨਾਂ ਨੂੰ ਅਜੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ।