ਚੰਡੀਗੜ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਸੱਤਾਧਾਰੀ ਕਾਂਗਰਸ ਉੱਤੇ ਉਚ ਅਫ਼ਸਰਾਂ 'ਤੇ ਖ਼ਾਸ ਮਿਹਰਬਾਨੀ ਦੇ ਗੰਭੀਰ ਇਲਜ਼ਾਮ ਲਾਏ ਹਨ, ਜਿਹੜੇ ਅਕਾਲੀ- ਭਾਜਪਾ ਸਰਕਾਰ (SAD-BJP government) ਵੇਲੇ ਟਰਾਂਸਪੋਰਟ ਮਾਫ਼ੀਆ (Transport mafia) ਦੇ ਮੁੱਖ ਕਰਤਾ- ਧਰਤਾ ਰਹੇ ਸਨ। 'ਆਪ' ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ਪੁੱਛਿਆ ਕਿ ਟਰਾਂਸਪੋਰਟ ਮਾਫ਼ੀਆ ਨੂੰ ਪ੍ਰਸ਼ਾਸਨਿਕ ਸਰਪ੍ਰਸਤੀ ਦੇਣ ਵਾਲੇ ਜਿੰਨ੍ਹਾਂ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਸੀ, ਉਨਾਂ ਨੂੰ ਹੀ ਸਟੇਟ ਟਰਾਂਸਪੋਰਟ ਦਫ਼ਤਰ ਵਿੱਚ ਵੱਡੇ ਅਹੁਦੇ ਬਖ਼ਸ਼ ਕੇ ਟਰਾਂਸਪੋਰਟ ਮਾਫ਼ੀਆ ਨੂੰ ਵਿਵਹਾਰਕ ਤੌਰ 'ਤੇ ਕਿਵੇਂ ਨੱਥ ਪਾਈ ਜਾ ਸਕਦੀ ਹੈ?
ਟਰਾਂਸਪੋਰਟ ਮਾਫੀਆ ਨੂੰ ਲੈ ਕੇ ਚੰਨੀ ਸਰਕਾਰ ਤੇ ਸਵਾਲ
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਮੀਡੀਆਂ ਨੂੰ ਦਸਤਾਵੇਜ਼ ਜਾਰੀ ਕਰਦਿਆਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ (Dead Hair) ਨੇ ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ (ਲੀਡ ਏਜੰਸੀ) ਅਤੇ ਇਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਬਾਰੇ ਚੰਨੀ ਸਰਕਾਰ ਅਤੇ ਖ਼ਾਸ ਕਰਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਸਾਰੇ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕੀਤੀ ਕਿ ਇਹ ਵਿਸ਼ੇਸ਼ ਅਹੁਦਾ ਅਤੇ ਦਫ਼ਤਰ ਕਿਸ ਦੇ ਹੁਕਮਾਂ ਨਾਲ ਪੈਦਾ ਕੀਤਾ ਗਿਆ। ਕੀ ਇਸ ਅਹੁਦੇ ਦੀ ਕੈਬਨਿਟ ਤੋਂ ਪ੍ਰਵਾਨਗੀ ਮਿਲੀ ਹੋਈ ਹੈ?
ਮੀਤ ਹੇਅਰ ਦੇ ਬਾਦਲ ਪਰਿਵਾਰ ਤੇ ਗੰਭੀਰ ਇਲਜ਼ਾਮ
ਮੀਤ ਹੇਅਰ ਨੇ ਇਲਜ਼ਾਮ ਲਾਇਆ ਕਿ ਇਹ ਅਹੁਦਾ ਰੋਡ ਸੇਫ਼ਟੀ (ਸੜਕ ਸੁਰੱਖਿਆ) ਲਈ ਨਹੀਂ ਬਲਕਿ ਬਾਦਲ- ਮਜੀਠੀਆ ਪਰਿਵਾਰ ਦੀਆਂ ਨਜਾਇਜ਼ ਬੱਸਾਂ ਦੀ 'ਸੇਫ਼ਟੀ' ਲਈ ਸਿਰਜਿਆ ਗਿਆ ਸੀ। ਜਿਸ ਉੱਪਰ ਬਾਦਲ ਪਰਿਵਾਰ ਦੇ ਸਭ ਤੋਂ ਚਹੇਤੇ ਆਈ.ਏ.ਐਸ. ਅਫ਼ਸਰ ਆਰ. ਵੈਂਕਟ. ਰਤਨਮ ਨੂੰ ਤਿੰਨ ਸਾਲ ਲਈ (ਦਸੰਬਰ 2023) ਤੱਕ ਡਾਇਰੈਕਟਰ ਜਨਰਲ (ਰੋਡ ਸੇਫ਼ਟੀ) ਦੇ ਅਹੁਦੇ 'ਤੇ ਬਿਰਾਜਮਾਨ ਕਰ ਦਿੱਤਾ, ਜਦੋਂ ਕਿ ਡਾਇਰੈਕਟਰ ਜਨਰਲ ਬਣਨ ਤੋਂ ਪਹਿਲਾਂ ਆਰ. ਵੈਂਕਟ. ਰਤਨਮ ਤਾਜ਼ੇ- ਤਾਜ਼ੇ ਸੇਵਾ ਮੁਕਤ ਹੋਏ ਸਨ।
ਟਰਾਂਸਪੋਰਟ ਮਾਫੀਆ ਨੂੰ ਲੈ ਕੇ ਸਵਾਲ
ਮੀਤ ਹੇਅਰ ਨੇ ਦੱਸਿਆ ਕਿ ਆਰ. ਵੈਂਕਟ. ਰਤਨਮ ਬਤੌਰ ਡਿਪਟੀ ਕਮਿਸ਼ਨਰ ਬਾਦਲ ਪਰਿਵਾਰ ਦੇ ਖਾਸ ਸੇਵਾਦਾਰ ਅਧਿਕਾਰੀ ਵਜੋਂ ਚਰਚਿਤ ਰਹੇ ਹਨ। ਜਦੋਂ 2007 ਵਿੱਚ ਅਕਾਲੀ- ਭਾਜਪਾ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਭ ਤੋਂ ਪਹਿਲੀ ਨਿਯੁਕਤੀ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ) ਵਜੋਂ ਆਰ. ਵੈਂਕਟ. ਰਤਨਮ ਦੀ ਹੀ ਕੀਤੀ ਗਈ। ਜਿਸ ਨਾਲ ਸੂਬੇ ਵਿੱਚ 'ਟਰਾਂਸਪੋਰਟ ਮਾਫ਼ੀਆ' ਦਾ ਸਰਕਾਰੀ ਪੱਧਰ 'ਤੇ ਮੁੱਢ ਬੱਝਿਆ ਸੀ। ਵੈਂਕਟ ਰਤਨਮ ਕਰੀਬ ਸਾਢੇ ਚਾਰ ਸਾਲ ਤੱਕ ਐਸ.ਟੀ.ਸੀ ਦੇ ਅਹੁਦੇ 'ਤੇ ਰਹੇ ਅਤੇ ਇਸ ਦੌਰਾਨ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੀ ਕੀਮਤ 'ਤੇ ਸੈਂਕੜੇ ਲਾਹੇਵੰਦ ਰੂਟ ਬਾਦਲਾਂ ਅਤੇ ਚਹੇਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਰਿਉੜੀਆਂ ਵਾਂਗ ਵੰਡੇ ਗਏ ਅਤੇ ਹਜ਼ਾਰਾਂ ਪਰਿਮਟਾਂ 'ਚ ਮਨਮਾਨੇ ਵਾਧੇ ਕੀਤੇ ਗਏ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲੱਗਿਆ। ਐਨਾ ਹੀ ਨਹੀਂ ਬਾਦਲਾਂ ਦੀ ਅਗਲੀ (2012 ਤੋਂ 2017) ਸਰਕਾਰ ਵਿੱਚ ਆਰ. ਵੈਂਕਟ. ਰਤਨਮ ਨੇ ਸਕੱਤਰ ਟਰਾਂਸਪੋਰਟ ਵਜੋਂ ਬਾਦਲ ਪਰਿਵਾਰ ਨੂੰ ਵਿਸ਼ੇਸ਼ ਸੇਵਾਵਾਂ ਦਿੱਤੀਆਂ।
ਮੀਤ ਹੇਅਰ ਨੇ ਆਰ. ਵੈਂਕਟ ਰਤਨਮ ਨੂੰ ਬਤੌਰ ਡਾਇਰੈਕਟਰ ਜਨਰਲ ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ ਦਿੱਤੀ ਜਾ ਰਹੀ ਪ੍ਰਿੰਸੀਪਲ ਸਕੱਤਰ ਪੱਧਰ ਦੀ ਤਨਖਾਹ, ਭੱਤੇ, ਗੱਡੀ, ਡਰਾਇਵਰ ਆਦਿ ਸਹੂਲਤਾਂ 'ਤੇ ਵੀ ਸਵਾਲ ਚੁੱਕੇ। ਉਨਾਂ ਕਿਹਾ ਪੰਜਾਬ ਨੂੰ ਅਰਥਿਕ ਤੌਰ 'ਤੇ ਨੁਕਸਾਨ ਪਹੁੰਚਣ ਵਾਲੇ ਅਧਿਕਾਰੀ 'ਤੇ ਚੰਨੀ ਸਰਕਾਰ ਦੀ ਮਿਹਰਬਾਨੀ ਵੱਡੇ ਸਵਾਲ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ‘ਚ ਪੰਜਾਬ ਦਾ ਨੌਜਵਾਨ ਬਣਿਆ ਪੁਲਿਸ ਅਫਸਰ