ਚੰਡੀਗੜ੍ਹ: ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਨੂੰ ਲੈਕੇ ਨਕੋਦਰ ਸਿਟੀ ਥਾਣੇ 'ਚ ਮਾਮਲਾ ਦਰਜ ਹੋ ਚੁੱਕਾ ਹੈ। ਗੁਰਦਾਸ ਮਾਨ ਵਲੋਂ ਪਿਛਲੇ ਦਿਨੀਂ ਵਿਵਾਦਤ ਬਿਆਨ ਦਿੱਤਾ ਗਿਆ ਸੀ, ਜਿਸ 'ਤੇ ਉਨ੍ਹਾਂ ਬਾਅਦ 'ਚ ਮੁਆਫ਼ੀ ਵੀ ਮੰਘ ਲਈ ਸੀ, ਪਰ ਸਿੱਖ ਸੰਗਤਾਂ ਵਲੋਂ ਲਗਾਤਾਰ ਵਿਰੋਧ ਕਰਦਿਆਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਰੋਸ ਵਜੋਂ ਸਿੱਖ ਸੰਗਠਨਾਂ ਵਲੋਂ ਦਿੱਲੀ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਰਕਤ 'ਚ ਆਈ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰਿਓ। ਉਨ੍ਹਾਂ ਨੇ ਕਦੇ ਵੀ ਆਪਣੇ ਗੁਰੂਆਂ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਿਆ। ਗੁਰਦਾਸ ਮਾਨ ਨੇ ਇਹ ਵੀ ਕਿਹਾ ਸੀ ਕਿ ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਵੱਲੋਂ ਆਖੀ ਗੱਲ ਨੇ ਜੇਕਰ ਕਿਸੇ ਦੇ ਵੀ ਦਿਲ ਨੂੰ ਦੁਖ ਪਹੁੰਚਾਇਆ ਹੋਵੇ ਤਾਂ ਮੈ ਉਨ੍ਹਾਂ ਕੋਲੋਂ ਹੱਥ ਜੋੜ ਕੇ 100-100 ਵਾਰ ਮੁਆਫੀ ਮੰਗਦਾ ਹਾਂ।
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨਕੋਦਰ ਵਿਖੇ ਪ੍ਰੋਗਰਾਮ ਚ ਪਹੁੰਚੇ ਸੀ। ਇਸ ਦੌਰਾਨ ਗੁਰਦਾਸ ਮਾਨ ਨੇ ਬਿਆਨ ਦਿੱਤਾ ਕਿ ਲਾਡੀ ਸ਼ਾਹ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਹਨ। ਇਸ ਬਿਆਨ ਤੋਂ ਬਾਅਦ ਸਿੱਖਾਂ ’ਚ ਭਾਰੀ ਰੋਸ ਪਾਇਆ ਗਿਆ। ਸਿੱਖ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ। ਫਿਲਹਾਲ ਮਾਮਲੇ ਨੂੰ ਭਖਦਾ ਹੋਇਆ ਦੇਖਦੇ ਹੋਏ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ।