ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਸਬੰਧੀ ਕੀਤੇ ਜਾਣ ਵਾਲੇ ਦਾਅਵੇ ਸਵਾਲਾਂ ਦੇ ਘੇਰੇ ’ਚ ਆ ਖੜੇ ਹੋਏ ਹਨ।
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਿਸ ਚ ਪੰਜਾਬ ਪੁਲਿਸ ਦੀ ਨਾਕਾਮੀ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਮੁਹਾਲੀ ਵਿਖੇ ਹੋਏ ਇੰਟੇਲੀਜੈਂਸ ਹੈੱਡਕੁਆਰਟਰ ’ਚ ਧਮਾਕੇ ਨੇ ਵੀ ਪੰਜਾਬ ਪੁਲਿਸ ’ਤੇ ਕਈ ਸਵਾਲ ਖੜੇ ਕੀਤੇ। ਇਨ੍ਹਾਂ ਦੋਹਾਂ ਮਾਮਲਿਆਂ ਚ ਗੈਂਗਸਟਰਾਂ ਦਾ ਹੱਥ ਸਾਹਮਣੇ ਆਇਆ ਹੈ ਜਿਨ੍ਹਾਂ ਦੇ ਸਾਹਮਣੇ ਪੰਜਾਬ ਪੁਲਿਸ ਦੀ ਕਾਨੂੰਨ ਵਿਵਸਥਾ ਢਿੱਲੀ ਸਾਬਿਤ ਹੋਈ।
'ਡੀਜੀਪੀ ਨੇ ਦਿੱਤਾ ਦੁਸ਼ਮਣੀ ਦਾ ਹਵਾਲਾ': ਸਿੱਧੂ ਮੂਸੇਵਾਲਾ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਨੂੰ ਦੁਸ਼ਮਣੀ ਦਾ ਹਵਾਲਾ ਦਿੱਤਾ। ਨਾਲ ਕਿਹਾ ਕਿ ਮਿੱਡੂ ਖੇੜਾ ਕਤਲ ਕਾਂਡ ਵਿੱਚ ਸਿੱਧੂ ਦੇ ਸਾਬਕਾ ਮੈਨੇਜਰ ਦਾ ਨਾਮ ਸਾਹਮਣੇ ਆਇਆ ਸੀ, ਜੋ ਹੁਣ ਆਸਟ੍ਰੇਲੀਆ ਚਲਾ ਗਿਆ ਹੈ, ਜਿਸ ਦੇ ਜਵਾਬ ਵਿੱਚ ਇਹ ਕਾਰਵਾਈ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤੀ ਗਈ ਹੈ, ਇਸ ਕਤਲ ਦੀ ਜ਼ਿੰਮੇਵਾਰੀ ਲੱਕੀ ਨਾਮਕ ਇੱਕ ਮੈਂਬਰ ਨੇ ਲਈ ਹੈ। ਬਿਸ਼ਨੋਈ ਗੈਂਗ ਦਾ ਮੈਂਬਰ ਕੈਨੇਡਾ 'ਚ ਰਹਿ ਰਿਹਾ ਹੈ।
ਸਿੱਧੂ ਦੀ ਸੁਰੱਖਿਆ ’ਚ ਕਟੌਤੀ ਦਾ ਦੱਸਿਆ ਇਹ ਕਾਰਨ: ਇਸ ਤੋਂ ਇਲਾਵਾ ਡੀਜੀਪੀ ਨੇ ਮੂਸੇਵਾਲੇ ਦੇ ਸੁਰੱਖਿਆ ਨੂੰ ਵਾਪਸ ਲੈਣ ਸਬੰਧੀ ਕਿਹਾ ਕਿ ਮੂਸੇਵਾਲਾ ਕੋਲ ਸੁਰੱਖਿਆ ਦੇ ਚਾਰ ਕਮਾਂਡੋ ਸਨ ਪਰ ਪੰਜਾਬ ਵਿੱਚ ‘ਘੱਲੂਘਾਰਾ ਦਿਵਸ’ ਹੋਣ ਕਾਰਨ ਉਨ੍ਹਾਂ ਦੇ ਦੋ ਕਮਾਂਡੋ ਵਾਪਸ ਲੈ ਲਏ ਗਏ ਸੀ। ਉਸ ਦੇ ਨਾਲ ਦੋ ਕਮਾਂਡੋ ਸਨ ਪਰ ਉਹ ਉਨ੍ਹਾਂ ਦੋ ਕਮਾਂਡੋਜ਼ ਨੂੰ ਵੀ ਆਪਣੇ ਨਾਲ ਨਹੀਂ ਲੈ ਕੇ ਗਿਆ।
ਮਾਮਲੇ ’ਚ ਬਣਾਈ ਗਈ ਐਸਆਈਟੀ: ਡੀਜੀਪੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕੋਲ ਇੱਕ ਪ੍ਰਾਈਵੇਟ ਬੁਲੇਟ ਪਰੂਫ਼ ਗੱਡੀ ਸੀ ਪਰ ਉਹ ਵੀ ਨਾਲ ਲੈਕੇ ਨਹੀਂ ਗਿਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਐਸਆਈਟੀ ਬਣਾਈ ਗਈ ਹੈ, ਜਿਸ ਦੀ ਅਗਵਾਈ ਆਈਜੀ ਰੇਂਜ ਦੇ ਅਧਿਕਾਰੀ ਕਰਨਗੇ।
ਗੈਂਗਸਟਰਾਂ ਨੇ ਲਈ ਜਿੰਮੇਵਾਰੀ: ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਗੈਂਗਸਟਰ ਗੋਲਡੀ ਬਰਾੜ ਨੇ ਪੋਸਟ ਰਾਹੀ ਕਿਹਾ ਕਿ ਮੈਂ ਅਤੇ ਮੇਰਾ ਭਰਾ ਗੋਲਡੀ ਬਰਾੜ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅੱਜ ਲੋਕ ਸਾਨੂੰ ਜੋ ਵੀ ਦੱਸਣ, ਇਸ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ। ਅਸੀਂ ਅੱਜ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਮੈਂ ਸਿੱਧੂ ਨੂੰ ਜੈਪੁਰ ਤੋਂ ਵੀ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਗਲਤ ਕੀਤਾ ਹੈ। ਇਸ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਸੀਂ ਜੋ ਕਰ ਸਕਦੇ ਹੋ ਕਰੋ। ਮੈਂ ਹਥਿਆਰ ਵੀ ਲੱਦ ਲਿਆ ਸੀ ਤੇ ਅੱਜ ਅਸੀਂ ਆਪਣੇ ਭਰਾ ਵਿੱਕੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਹ ਤਾਂ ਸ਼ੁਰੂਆਤ ਹੈ, ਜੋ ਉਸ ਕਤਲ ਵਿੱਚ ਸ਼ਾਮਲ ਸਨ, ਉਹ ਵੀ ਤਿਆਰ ਰਹਿਣ। ਬਾਕੀ ਮੀਡੀਆ ਜੋ ਕਹਿ ਰਿਹਾ ਹੈ ਕਿ AK-47 ਚਲਾਈ ਗਈ ਹੈ, ਉਹ ਬਿਲਕੁਲ ਗਲਤ ਹੈ। ਜਾਅਲੀ ਖ਼ਬਰਾਂ ਨਾ ਚਲਾਓ। ਅੱਜ ਅਸੀਂ ਸਾਰਿਆਂ ਦੇ ਭਰਮ ਦੂਰ ਕਰ ਦਿੱਤੇ ਹਨ...ਜੈ ਬਲਕਾਰੀ...
ਮੁਹਾਲੀ ਬਲਾਸਟ ਮਾਮਲੇ ਦੇ ਪਿੱਛੇ ਵੀ ਗੈਂਗਸਟਰ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੁਹਾਲੀ ਵਿਖੇ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੇਂਸ ਵਿੰਗ ਦੇ ਹੈੱਡਕੁਆਰਟਰ ’ਚ ਹਮਲਾ ਹੋਇਆ ਸੀ। ਜਿਸ ਪਿੱਛੇ ਮੁੱਖ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲਾਂਦਾ ਦਾ ਨਾਂ ਸਾਹਮਣੇ ਆਇਆ ਸੀ ਜੋ ਕਿ ਕੈਨੇਡਾ ਚ ਰਹਿੰਦਾ ਹੈ। ਬੇਸ਼ਕ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਚ ਕਈ ਗ੍ਰਿਫਤਾਰੀਆਂ ਕੀਤੀਆਂ ਹਨ ਪਰ ਮਾਮਲੇ ਦੇ ਪਿੱਛੇ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੈ।
ਮੁਹਾਲੀ ਬਲਾਸਟ ਪੁਲਿਸ ਨੂੰ ਸੀ ਚੈਲੰਜ: ਮੁਹਾਲੀ ਬਲਾਸਟ ਦੇ ਪਿੱਛੇ ਦੇ ਕਾਰਨਾਂ ਬਾਰੇ ਦੱਸਦਿਆਂ ਡੀਜੀਪੀ ਨੇ ਕਿਹਾ ਸੀ ਕਿ ਇਸ ਹਮਲੇ ਦਾ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਦੇਣਾ ਸੀ। ਮਾਮਲੇ ਦੇ ਦੋ ਲੋਕਾਂ ਨੂੰ ਯੂਪੀ ਤੋਂ ਵੀ ਗ੍ਰਿਫਤਾਰ ਕਰਕੇ ਲਿਆਂਦੇ ਗਏ ਹਨ। ਵੀ ਕੇ ਭਵਰਾ ਨੇ ਦੱਸਿਆ ਕਿ ਮਾਮਲੇ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਕੰਵਰ ਬਾਠ, ਸੋਨੂੰ, ਰੈਂਬੋ, ਜਗਦੀਪ ਅਤੇ ਨਿਸ਼ਾਨ ਸਿੰਘ ਸ਼ਾਮਲ ਹੈ। ਕੈਨੇਡਾ ਬੈਠਾ ਲਖਬੀਰ ਲਾਂਦਾ ਪਾਕਿਸਤਾਨ ਚ ਬੈਠੇ ਖਾਲਿਸਤਾਨੀ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਲਖਬੀਰ ਨੇ ਉਥੋਂ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਅਤੇ ਆਈਐਸਆਈ ਨੇ ਮਿਲ ਕੇ ਇਹ ਹਮਲਾ ਕੀਤਾ ਹੈ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡੀ ਖਬਰ, 2 ਦਿਨਾਂ ਅੰਦਰ ਬਦਲਾ ਲੈਣ...