ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ( Punjab Assembly Election 2022) ਲਈ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੇ ਪਾਰਟੀ ਦੀ ਉਦਾਸੀਨਤਾ ਨੂੰ ਪ੍ਰਗਟ ਕੀਤਾ ਹੈ | ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦਾ ਚੋਣ ਮੈਨੀਫੈਸਟੋਂ ਕਾਫੀ ਛੋਟਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਅਧੂਰੇ ਵਾਅਦਿਆ ਦਾ ਇਸ ਵਾਰ ਦੇ ਮੈਨੀਫੈਸਟੋਂ ਦਾ ਕੋਈ ਜਿਕਰ ਨਹੀਂ ਹੈ। ਸਸਤੀ ਬਿਜਲੀ ਅਤੇ ਸਸਤੀ ਕੇਬਲ ਦਾ ਮੈਨੀਫੈਸਟੋਂ ਵਿਚ ਕੋਈ ਜ਼ਿਕਰ ਨਹੀਂ। ਨਸ਼ਿਆ ਬਾਰੇ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਬਾਰੇ ਵੀ ਕਿਸੇ ਨੀਤੀ ਦਾ ਜ਼ਿਕਰ ਨਹੀਂ ਹੈ। ਮੈਨੀਫੈਸਟੋ ਜਾਰੀ ਕਰਨ ਸਮੇਂ ਮੈਨੀਫੈਸਟੋਂ ਕਮੇਟੀ ਦੀ ਚੇਅਰਮੈਨੀ ਦਾ ਨਾ ਹੋਣਾ ਵੀ ਕਾਂਗਰਸ ਦੇ ਅੰਦਰੂਨੀ ਸੰਕਟ ਵੱਲ ਇਸ਼ਾਰਾ ਕਰਦਾ ਹੈ।
ਮੈਨੀਫੈਸਟੋਂ ਕਮੇਟੀ ਦੀਆਂ ਕੋਸ਼ਿਸ਼ਾਂ
ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚਾਰ ਪੰਨਿਆ ਦੇ ਚੋਣ ਮੈਨੀਫੈਸਟੋ ਵਿਚ 13 ਨੁਕਾਤੀ ਵਾਅਦੇ ਹਨ। ਭਾਵ ਕਿ ਕਾਂਗਰਸ ਦੀ 25 ਮੈਂਬਰੀ ਮੈਨੀਫੈਸਟੋਂ ਕਮੇਟੀ ਨੇ 11 ਜਨਵਰੀ ਤੋਂ 18 ਫਰਵਰੀ ਤੱਕ ਦੇ 38 ਦਿਨਾਂ ਵਿਚ ਸਿਰਫ਼ 13 ਹੀ ਨੁਕਤੇ ਤਿਆਰ ਕੀਤੇ। ਔਸਤਨ ਦੋ ਮੈਂਬਰਾਂ ਕੋਲ ਤਿਆਰ ਕਰਨ ਲਈ ਸਿਰਫ਼ ਇਕ ਹੀ ਵਾਅਦਾ ਸੀ ਅਤੇ 38 ਦਿਨ ਸੀ। ਚੋਣ ਮੈਨੀਫੈਸਟੋਂ ਬਾਰੇ ਗੰਭੀਰ ਚਰਚਾਂ ਕਰਨ ਲਈ ਮੈਨੀਫੈਸਟੋਂ ਕਮੇਟੀ ਨੇ 25 ਜਨਵਰੀ ਨੂੰ ਇਕ ਮੀਟਿੰਗ ਵੀ ਕੀਤੀ ਸੀ
ਮੈਨੀਫੈਸਟੋਂ ਵਿਚ ਵਾਅਦੇ
13 ਨੁਕਾਤੀ ਚੋੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕਾਂਗਰਸ ਵੱਲੋਂ ਵਾਅਦੇ ਕੀਤੇ ਗਏ ਹਨ। ਮੈਨੀਫੈਸਟੋ ਵਿਚ ਸਰਕਾਰੀ ਹਸਪਤਾਲਾਂ ਵਿਚ ਹਰ ਵਰਗ ਨੂੰ ਮੁਫ਼ਤ ਸਿਹਤ ਸੇਵਾਵਾਂ ਅਤੇ ਸਰਕਾਰੀ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ’ਚ ਸਾਰੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਐੱਸਸੀ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਜਾਰੀ ਰਹੇਗੀ ਅਤੇ ਨਾਲ ਹੀ ਪਿਛੜੇ ਵਰਗਾਂ ਅਤੇ ਜਨਰਲ ਸ਼੍ਰੇਣੀ ਨੂੰ ਵੀ ਵਜ਼ੀਫੇ ਦਾ ਲਾਭ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲੋੜਵੰਦ ਕੁੜੀਆਂ ਲਈ ਸਿੱਖਿਆ ਸਹਾਇਤਾ ਵਜੋਂ ਪੰਜਵੀਂ ਕਲਾਸ ਦੀਆਂ ਲੜਕੀਆਂ ਨੂੰ ਪੰਜ ਹਜ਼ਾਰ, ਅੱਠਵੀਂ ਜਮਾਤ ਲਈ 10 ਹਜ਼ਾਰ ਰੁਪਏ ਅਤੇ 12ਵੀਂ ਕਲਾਸ ਦੀਆਂ ਲੜਕੀਆਂ ਲਈ 20 ਹਜ਼ਾਰ ਰੁਪਏ ਅਤੇ ਕੰਪਿਊਟਰ ਦਿੱਤੇ ਜਾਣਗੇ।
ਕਾਂਗਰਸ ਨੇ ਮੈਨੀਫੈਸਟੋ ਵਿਚ ਲੋੜਵੰਦ ਔਰਤਾਂ ਨੂੰ 1100 ਰੁਪਏ ਮਾਸਿਕ ਵਿੱਤੀ ਮਦਦ ਤੋਂ ਇਲਾਵਾ ਇੱਕ ਸਾਲ ਵਿਚ ਅੱਠ ਗੈਸ ਸਿਲੰਡਰ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ। ਰੁਜ਼ਗਾਰ ਦੇ ਮਾਮਲੇ ਵਿਚ ਕਾਂਗਰਸ ਨੇ ਸਾਲਾਨਾ ਇੱਕ ਲੱਖ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ ਜਦਕਿ 2017 ਵਿਚ ਕਾਂਗਰਸ ਨੇ ‘ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਾਸਿਕ ਕਰਨ ਦੀ ਗੱਲ ਆਖੀ ਗਈ ਹੈ। ਮੈਨੀਫੈਸਟੋ ’ਚ ਹਰ ਕੱਚਾ ਮਕਾਨ ਛੇ ਮਹੀਨੇ ਵਿਚ ਪੱਕਾ ਕਰਨ ਦਾ ਵਾਅਦਾ ਵੀ ਸ਼ਾਮਲ ਹੈ। ਮਨਰੇਗਾ ਸਕੀਮ ਤਹਿਤ ਦਿਹਾੜੀ ਵਧਾ ਕੇ 350 ਰੁਪਏ ਕਰਨ ਤੋਂ ਇਲਾਵਾ ਰੁਜ਼ਗਾਰ 100 ਤੋਂ ਵਧਾ ਕੇ 150 ਦਿਨ ਕਰਨ ਦੇ ਵਾਅਦੇ ਨੂੰ ਵੀ ਮੈਨੀਫੈਸਟੋ ਵਿਚ ਥਾਂ ਦਿੱਤੀ ਗਈ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਤੋਂ ਦਾਲਾਂ, ਤੇਲ ਬੀਜਾਂ ਅਤੇ ਮੱਕੀ ਦੀ ਐੱਮਐੱਸਪੀ ’ਤੇ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਇਹ 13 ਨੁਕਾਤੀ ਏਜੰਡਾ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਦ੍ਰਿਸ਼ਟੀਕੋਣ ’ਤੇ ਅਧਾਰਿਤ ਹੈ। ਮੈਨੀਫੈਸਟੋ 'ਚ ਸਟਾਰਟਅੱਪ ਲਈ ਨਿਵੇਸ਼ ਫੰਡ ਇੱਕ ਹਜ਼ਾਰ ਕਰੋੜ ਰੁਪਏ ਰੱਖਣ ਤੋਂ ਇਲਾਵਾ ਸਟਾਰਟਅੱਪ ਲਈ ਦੋ ਲੱਖ ਦਾ ਵਿਆਜ ਮੁਕਤ ਕਰਜ਼ਾ ਦੇਣ ਦੀ ਗੱਲ ਕਹੀ ਗਈ ਹੈ। ਇੰਸਪੈਕਟਰੀ ਰਾਜ ਖਤਮ ਕੀਤਾ ਜਾਵੇਗਾ ਅਤੇ 170 ਸੇਵਾਵਾਂ ਆਨਲਾਈਨ ਹੋਣਗੀਆਂ, ਜਿਨ੍ਹਾਂ ਵਿਚ ਜਨਮ ਪ੍ਰਮਾਣ ਪੱਤਰ, ਮੌਤ ਦਾ ਸਰਟੀਫਿਕੇਟ ਆਦਿ ਸ਼ਾਮਲ ਹਨ।
ਨਵੇਂ ਪੁਰਾਣੇ ਮੈਨੀਫੈਸਟੋਂ ਅੰਤਰ
ਸਾਲ 2017 ਦੀਆਂ ਚੋਣਾਂ ਸਮੇਂ ਕਾਂਗਰਸ ਵੱਲੋਂ ਜਾਰੀ ਮੈਨੀਫੈਸਟੋਂ 129 ਪੰਨਿਆ ਦਾ ਸੀ, ਜਦਕਿ ਇਸ ਵਾਰ ਦਾ ਮੈਨੀਫੈਸਟੋ ਸਿਰਫ਼ ਚਾਰ ਪੰਨਿਆ ਦਾ ਬ੍ਰੋਸ਼ਰ ਸੀ। ਚੋਣ ਮੈਨੀਫੈਸਟੋਂ ਤਿਆਰ ਕਰਨ ਲਈ ਕਿਸੇ ਵੀ ਵਰਗ ਨਾਲ ਕਾਂਗਰਸ ਵੱਲੋਂ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ। ਪਿਛਲੀ ਵਾਰ ਦੇ ਮੈਨੀਫੈਸਟੋਂ ਵਿਚ ਇਕ- ਇਕ ਨੁਕਤੇ ਬਾਰੇ ਨੀਤੀ ਦਾ ਵੇਰਵਾ ਸੀ। ਪਰ ਇਸ ਵਾਰ ਅਜਿਹਾ ਕੁਝ ਵੀ ਨਹੀਂ ਹੈ। ਬੇਕਾਰੀ ਭੱਤਾ, ਮੀਡੀਆ, ਖੇਤੀ ਨੀਤੀ, ਡਰੱਗ, ਭਿ੍ਸ਼ਟਾਚਾਰ, ਘਰ-ਘਰ ਰੋਜ਼ਗਾਰ, ਵੀ ਆਈ ਪੀ ਕਲਚਰ ਦਾ ਖਾਤਮਾ, ਪ੍ਰਸ਼ਾਸ਼ਨਿਕ ਅਤੇ ਪੁਲਿਸ ਸੁਧਾਰ, ਸੈਰ ਸਪਾਟਾ, ਵਾਤਾਵਰਣ, ਰੀਅਲ ਅਸਟੇਟ ਸੈਕਟਰ, ਬੇਸਹਾਰਾ ਪਸ਼ੂ ਸਮੇਤ ਕਿੰਨੇ ਹੀ ਮਾਮਲੇ ਕਾਂਗਰਸ ਦੀ ਵਾਅਦਾ ਸੂਚੀ 'ਚੋ ਗਾਇਬ ਹਨ, ਜੋ ਪਿਛਲੀ ਵਾਰ ਸ਼ਾਮਲ ਸਨ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਵਿਰਕ, ਫਿਰੋਜ਼ਪੁਰ ਦਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਬਾਰੇ ਕਹਿਣਾ ਸੀ ਕਿ ਜਦੋ ਕਾਂਗਰਸ ਨੇ ਵਾਅਦੇ ਪੂਰੇ ਹੀ ਨਹੀਂ ਕਰਨੇ ਤਾਂ ਫਿਰ ਕੀ ਫਰਕ ਪੈਂਦਾ ਹੈ ਕਿ ਉਹ ਚੋਣ ਮੈਨੀਫੈਸਟੋਂ ਕਿੰਨਾ ਵੱਡਾ ਜਾਂ ਛੋਟਾ ਜਾਰੀ ਕਰਦੀ ਹੈ।
ਚੰਡੀਗੜ੍ਹ ਵਿਖੇ ਰਾਜਨੀਤੀ ਮਾਮਲਿਆ ਨੂੰ ਦਹਾਕਿਆ ਤੋਂ ਕਵਰ ਕਰਦੇ ਆ ਰਹੇ ਸੀਨੀਅਰ ਪੱਤਰਕਾਰ ਗੁਰਉਪਦੇਸ਼ ਭੁੱਲਰ ਦਾ ਕਹਿਣਾ ਸੀ ਕਿ ਪੰਜਾਬ ਕਾਂਗਰਸ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋਂ ਪਾਰਟੀ ਵਿਚ ਤਾਲਮੇਲ ਦੀ ਕਮੀ ਨੂੰ ਪ੍ਰਗਟ ਕਰਦਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਾਅਦਿਆ ਦੀ ਸੂਚੀ ਵੱਖਰੀ ਰਹੀੇ। ਚੋਣ ਮੈਨੀਫੈਸਟੋਂ ਕਮੇਟੀ ਦਾ ਕੰਮ ਵੱਖਰਾ ਰਿਹਾ। ਇਹ ਕਾਂਗਰਸੀ ਆਗੂਆ ਵਿਚ ਤਾਲਮੇਲ ਅਤੇ ਚੋਣ ਪ੍ਰਚਾਰ ਵਿਚ ਰੁਝੇਵਿਆ ਦਾ ਹੀ ਨਤੀਜ਼ਾ ਸੀ ਕਿ ਕਾਂਗਰਸ ਪਾਰਟੀ ਚੋਣ ਦਾ ਬੁਨਿਆਦੀ ਦਸਤਾਵੇਜ ਜਾਰੀ ਕਰਨ ਵਿਚ ਲਾਪਰਵਾਹੀ ਦਿਖਾ ਗਈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੀਫੈਸਟੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘13-13 ਤੋਲਣ’ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ, ਜੋ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਅਤੇ ਸੂਬੇ ਦੇ ਹਿੱਤਾਂ ਦੀ ਪੂਰਤੀ ਕਰੇਗਾ। ਸਿੱਧੂ ਦਾ ਇਹ ਵੀ ਦਾਅਵਾ ਸੀ ਕਿ 13 ਨੁਕਾਤੀ ਚੋਣ ਮੈਨੀਫੈਸਟੋਂ ਵਿਚ ਹਰ ਵਰਗ ਦੀ ਭਲਾਈ ਬਾਰੇ ਜ਼ਿਕਰ ਹੈ।
ਆਮ ਆਦਮੀ ਪਾਰਟੀ ਦੀ ਨਿਵਰਤਮਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਭਲਾਈ ਲਈ ਜੋ ਦਸਤਾਵੇਜ ਲੋਕਾਂ ਨਾਲ ਵਿਚਾਰ ਕਰਨ ਤੋਂ ਬਿਨਾਂ ਜਾਂ ਲੋਕਾਂ ਦੀਆਂ ਭਾਵਨਾਵਾਂ ਵੇਖੇ ਬਿਨ੍ਹਾਂ ਹੀ ਤਿਆਰ ਕੀਤਾ ਜਾਂਦਾ ਹੈ,ਉਹ ਸਿਰਫ਼ ਖਾਨਾਪੂਰਤੀ ਤੋਂ ਵੱਧ ਨਹੀਂ ਹੁੰਦਾ ਅਤੇ ਕਾਂਗਰਸ ਨੇ ਵੀ ਸਿਰਫ਼ ਖਾਣਾਪੂਰਤੀ ਹੀ ਕੀਤੀ ਹੈ।
ਇਹ ਵੀ ਪੜੋ: ਕਾਂਗਰਸ ਨੇ ਇੱਕ ਤੋਂ ਬਾਅਦ ਇੱਕ ਵਿਧਾਇਕਾਂ ਨੂੰ ਦਿਖਾਇਆ ਬਾਹਰ ਦਾ ਰਾਹ