ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਹੋਰ ਵਿਕਸਤ ਅਤੇ ਲਾਹੇਵੰਦ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੀ ਲਾਗਤ ਉੱਤੇ 40% ਦੀ ਦਰ ਨਾਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ।
ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸ਼ੀਨੀਕਰਨ ਕਰਨ ਲਈ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਹਰੇ ਚਾਰੇ ਹੇਠ ਰਕਬਾ ਵਧਾ ਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਬਲਕਿ ਕਣਕ, ਝੋਨੇ ਹੇਠ ਰਕਬਾ ਵੀ ਘਟੇਗਾ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਸਗੋਂ ਰਵਾਇਤੀ ਫਸਲਾਂ ਦੇ ਮੰਡੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵਲੋਂ ਮਿਲੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਬਹੁਤ ਜ਼ਰੂਰੀ ਹੈ। ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਮਹੀਨਿਆਂ ਵਿੱਚ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ ਵਿੱਚ ਤੋਟ ਆ ਜਾਂਦੀ ਹੈ।
ਵਾਧੂ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਅਗਾਂਹਵਧੂ ਡੇਅਰੀ ਫਾਰਮਰ ਆਪਣੀ ਲੋੜ ਮੁਤਾਬਕ ਚਾਰੇ ਵਾਲੀ ਮੱਕੀ ਅਤੇ ਜਵੀ ਦਾ ਆਚਾਰ ਬਣਾ ਰਿਹਾ ਹੈ। ਪਰ ਟੋਏ ਜਾਂ ਬੰਕਰ ਵਿੱਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਰੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਬਾਜਵਾ ਨੇ ਦੱਸਿਆ ਕਿ ਅਗਾਂਹਵਧੂ ਮੁਲਕਾਂ ਵਾਂਗ ਹੁਣ ਪੰਜਾਬ ਵਿੱਚ ਵੀ ਇਸ ਮੁਸ਼ਕਲ ਦੇ ਹੱਲ ਕੱਢ ਲਿਆ ਗਿਆ ਹੈ, ਹੁਣ ਨਵੀਨਤਮ ਮਸ਼ੀਨਾਂ ਰਾਹੀਂ ਤਿਆਰ ਕੀਤੇ ਸਾਈਲੇਜ਼ ਨੁੰ ਬੈਗਾਂ, ਟਿਊਬਾਂ ਅਤੇ ਗੱਠਾਂ ਵਿੱਚ ਤਿਆਰ ਕਰਕੇ ਛੋਟੇ, ਬੇਜ਼ਮੀਨੇ ਕਿਸਾਨਾਂ, ਸ਼ਹਿਰੀ ਡੇਅਰੀਆਂ ਅਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕੇਗਾ।
ਇਸ ਨਾਲ ਛੋਟੇ ਅਤੇ ਸ਼ਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ ਉੱਤੇ ਸਾਰਾ ਸਾਲ ਸੰਤੁਲਿਤ ਆਹਾਰ ਉਪਲਬਧ ਹੋਵੇਗਾ ਨਾਲ ਦੀ ਨਾਲ ਬੇਰੁਜ਼ਗਾਰ ਨੌਜਵਾਨ ਜੋ ਮੱਕੀ ਦੇ ਆਚਾਰ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ, ਨੂੰ ਰੁਜ਼ਗਾਰ ਹਾਸਲ ਹੋਵੇਗਾ।
ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਉਨ੍ਹਾਂ ਸਮੂਹ ਦੁੱਧ ਉਤਪਾਦਕਾਂ, ਉੱਦਮੀਆਂ ਨੂੰ ਬੇਨਤੀ ਕੀਤੀ ਕਿ ਇਸ ਸਕੀਮ ਦਾ ਭਰਪੂਰ ਲਾਹਾ ਲੈਣ ਲਈ ਉਨ੍ਹਾਂ ਦੇ ਜ਼ਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਦਫਤਰ ਨਾਲ ਸੰਪਰਕ ਕੀਤਾ ਜਾਵੇ।