ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਹੋਣ ਵਾਲੇ ਪ੍ਰਦੂਸਣ ਨੂੰ ਰੋਕਣ ਲਈ ਕਿਸਾਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਅਤੇ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਦ ਨੂੰ ਸੰਭਾਲਣ ਲਈ ਕਿਸਾਨਾਂ ਨੂੰ ਖੇਤੀ ਸੰਦਾਂ ‘ਤੇ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਅਸਲ ਕਿਸਾਨਾਂ ਨੂੰ ਮਿਲਣਾ ਯਕੀਨੀ ਬਣਾਇਆ ਜਾਵੇਗਾ।
ਅੱਜ ਇੱਥੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਜਿਸ ਵਿਚ ਉਨ੍ਹਾਂ ਸਾਫ ਤੌਰ ‘ਤੇ ਸੁਨੇਹਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਖੇਤੀਬਾੜੀ ਸੰਦਾਂ ‘ਤੇ ਸਬਸਿਡੀ (Subsidy on agricultural implements) ਦੇ ਨਾਮ ‘ਤੇ ਕੀਤੀ ਜਾਂਦੀ ਕਾਲਾਬਜ਼ਾਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।
ਖੇਤੀਬਾੜੀ ਮੰਤਰੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਹੀ ਇਹ ਮੀਟਿੰਗ ਸੱਦੀ ਗਈ ਸੀ, ਸਰਕਾਰ ਵਲੋਂ ਨਵੇਂ ਪਾਰਦਰਸ਼ੀ ਮਾਪਦੰਡ ਤਹਿ ਕੀਤੇ ਗਏ ਹਨ ਜਿਸ ਨਾਲ ਖੇਤੀ ਸੰਦਾ ‘ਤੇ ਸਬਸਿਡੀ ਦਾ ਲਾਭ ਸਿੱਧਾ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ।ਉਨ੍ਹਾਂ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਇੰਦਿਆਂ ਨੂੰ ਅਪੀਲ ਕੀਤੀ ਕਿ ਖੇਤੀ ਸੰਦ ਬਣਾਉਣ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਸਮੇਂ ਸਰਕਾਰ ਵਲੋਂ ਤਹਿ ਕੀਤੇ ਗਏ ਮਾਪਦੰਡਾਂ ਦੀ ਇੰਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਸਰਕਾਰ ਨੂੰ ਸਬਸਿਡੀ ਦੇਣ ਵਿਚ ਕੋਈ ਦਿੱਕਤ ਨਾ ਆਵੇ।
ਇਸ ਦੇ ਨਾਲ ਹੀ ਕੁਲਦੀਪ ਸਿੰਘ ਧਾਲੀਵਾਲ ਨੇ ਪਹਿਲੀਆਂ ਸਰਕਾਰਾਂ ‘ਤੇ ਚੋਟ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਖੇਤੀ ਸੰਦਾਂ ‘ਤੇ ਸਬਸਿਡੀ ਦਾ ਲਾਭ ਬਹੁਤ ਸਾਰੇ ਅਸਲ ਕਿਸਾਨਾਂ ਨੂੰ ਨਹੀਂ ਮਿਲਿਆ ਅਤੇ 150 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਜਿੰਨਾਂ ਨੇ ਪਹਿਲਾਂ ਗੜਬੜੀਆਂ ਕੀਤੀਆਂ ਹਨ ਉਹ ਭਾਵੇਂ ਮਸ਼ੀਨਾ ਬਣਾਉਣ ਵਾਲੇ ਹੋਣ, ਭਾਵੇਂ ਡੀਲਰ ਹੋਣ, ਭਾਵੇਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਹੋਣ ਭਾਵੇਂ ਕਿਸਾਨ ਹੋਣ ਉਨ੍ਹਾਂ ਖਿਲਾਫ ਵਿਜੀਲੈਂਸ ਵਲੋਂ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਖੇਤੀ ਸੰਦ ਬਣਾਉਣ ਵਾਲਿਆਂ ਨੂੰ ਅਪੀਲ ਵੀ ਕੀਤੀ ਕਿ ਭਵਿੱਖ ਵਿਚ ਅਜਿਹੀ ਕਿਸੇ ਵੀ ਗੜਬੜੀ ਦੀ ਕੋਸਿਸ਼ ਨਾ ਕਰਨ ਕਿਉਂਕਿ ਭਗਵੰਤ ਮਾਨ ਸਰਕਾਰ ਵਲੋਂ ਕਿਸੇ ਵੀ ਘਪਲੇਬਾਜ਼ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲੇ ਵਿੱਚ ਤੇਲੂ ਰਾਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ