ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਯੂਪੀਐਸਸੀ ਨੂੰ 10 ਅਧਿਕਾਰੀਆਂ ਦੇ ਨਾਂ ਭੇਜੇ ਹਨ। ਇਨ੍ਹਾਂ 10 ਨਾਵਾਂ ’ਚ ਸਿਧਾਰਥ ਚਟੋਪਾਧਿਆਏ, ਪ੍ਰਬੋਦ ਕੁਮਾਰ, ਦਿਨਕਰ ਗੁਪਤਾ, ਰੋਹਿਤ ਚੌਧਰੀ, ਇਕਬਾਲ ਪ੍ਰੀਤ ਸਿੰਘ ਸਹੋਤਾ, ਸਮੰਤ ਗੋਇਲ, ਐਮ ਕੇ ਤਿਵਾੜੀ, ਵੀਕੇ ਭਵਰਾ ਅਤੇ ਹੋਰ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।
ਦੱਸ ਦਈਏ ਕਿ ਯੂਪੀਐਸਸੀ ਕ੍ਰਾਈਟੇਰੀਆ ਨੂੰ ਫੋਲੋ ਕਰਦੇ ਹੋਏ ਮੈਰਿਟ ’ਚ ਤਿੰਨ ਨਾਵਾਂ ਦੀ ਚੋਣ ਕਰਕੇ ਭੇਜੇਗੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਭੇਜੇ ਗਏ ਤਿੰਨ ਨਾਵਾਂ ਚੋਂ ਨਵੇਂ ਡੀਜੀਪੀ ਦਾ ਐਲਾਨ ਕਰੇਗੀ।
ਸਾਹਮਣੇ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੇ ਚੱਲਦੇ ਵੀਰਵਾਰ ਨੂੰ ਇਨ੍ਹਾਂ ਨਾਵਾਂ ਨੂੰ ਭੇਜਣਾ ਪਿਆ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਹੋਈ ਸੀ ਜਿਸ ਚ ਇਹ ਫੈਸਲਾ ਲਿਆ ਗਿਆ ਸੀ। ਇਸ ਮੀਟਿੰਗ ਤੋਂ ਬਾਅਦ 10 ਅਧਿਕਾਰੀਆਂ ਦੇ ਨਾਵਾਂ ਨੂੰ ਯੂਪੀਐਸਸੀ ਨੂੰ ਭੇਜਿਆ ਗਿਆ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਹੈ, ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇਕਬਾਲ ਸਹੋਤਾ ਨੂੰ ਡੀਜੀਪੀ ਲਗਾਉਣ ’ਤੇ ਇਤਰਾਜ ਸੀ। ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ ਕਿ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਬਣਾਇਆ ਜਾਵੇ।
ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਦੀ ਮੀਟਿੰਗ
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਪੰਜਾਬ ਕਾਂਗਰਸ ਵਿੱਚ ਭੂਚਾਲ ਉੱਠਿਆ ਹੋਇਆ ਹੈ। ਚੰਨੀ ਦੇ ਸੱਦੇ ਨਵਜੋਤ ਸਿੱਧੂ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਪੁੱਜੇ। ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋ ਘੰਟੇ ਤੱਕ ਮੀਟਿੰਗ ਚੱਲੀ। ਕੁਝ ਵਿਧਾਇਕਾਂ ਦਾ ਮੰਨਣਾ ਸੀ ਕਿ ਸਿੱਧੂ ਨੂੰ ਮਨਾ ਲਿਆ ਗਿਆ ਹੈ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵਾਂ ਬਿਆਨ ਦੇ ਦਿੱਤਾ ਹੈ ਕਿ ਮਸਲਾ ਸੁਲਝਾਉਣ ਨੂੰ ਇੱਕ ਹਫਤਾ ਲੱਗੇਗਾ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਸੋਚਿਆ ਸੀ ਕਿ ਕੈਬਨਿਟ ਬਣਾਉਣ ਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਹੈ ਪਰ ਇਸ ਨੂੰ ਸੁਲਝਾਉਣ ਲਈ ਇੱਕ ਹਫਤਾ ਹੋਰ ਲੱਗੇਗਾ ਤੇ ਮਸਲਾ ਸੁਲਝਾਉਣ ਲਈ ਉਹ ਆਪ ਚੰਡੀਗੜ੍ਹ ਆ ਰਹੇ ਹਨ।