ਚੰਡੀਗੜ੍ਹ: ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ’ਤੇ ਮੋਬਾਇਲ ਟਾਇਲੇਟ ਚੋਰੀ ਕਰਨ ਦਾ ਮਾਮਲਾ ਦਰਜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਇੰਦਰਪ੍ਰੀਤ ਸਿੰਘ ਬੰਟੀ ਨਗਰ ਕਾਉਂਸਲਰ ਧਰਮਕੋਟ ਦੇ ਪ੍ਰਧਾਨ ਹਨ।
ਮਿਲੀ ਜਾਣਕਾਰੀ ਮੁਤਾਬਿਕ ਨਗਰ ਨਿਗਮ ਕਮਿਸ਼ਨਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੋਬਾਇਲ ਟਾਇਲੇਟ ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਲਈ ਭੇਜੇ ਗਏ ਸੀ, ਉਸ ਤੋਂ ਬਾਅਦ ਇਸ ਨੂੰ ਵਾਪਸ ਨਹੀਂ ਭੇਜਿਆ ਗਿਆ। ਜਿਸ ਤੋਂ ਬਾਅਦ ਜਾਂਚ ਕੀਤੀ ਗਈ ਜਿਸ ’ਚ ਪਤਾ ਲੱਗਿਆ ਕਿ ਨਗਰ ਕਾਉਂਸਿਲ ਪ੍ਰਧਾਨ ਨੇ ਮੋਬਾਇਲ ਟਾਇਲੇਟ ਨੂੰ ਆਪਣੇ ਸ਼ੈਲਰ ’ਚ ਰਖਵਾ ਦਿੱਤਾ ਗਿਆ ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।
ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਰੈਲੀ ’ਚ ਭੇਜੇ ਸੀ ਟਾਇਲੇਟ: ਸ਼ਿਕਾਇਤ ਕਰਨ ਵਾਲੇ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਪ੍ਰੋਗਰਾਮ ਧਰਮਕੋਟ ਸ਼ਹਿਰ ਚ ਸੀ। ਰੈਲੀ ਦੇ ਲਈ ਨਗਰ ਨਿਗਮ ਨੇ ਦੋ ਮੋਬਾਇਲ ਟਾਇਲੇਟ ਭੇਜੇ ਸੀ, ਜਿਸ ਚੋਂ ਇੱਕ ਮਿਲ ਗਿਆ ਸੀ ਪਰ ਦੂਜਾ ਵਾਪਸ ਨਹੀਂ ਆਇਆ।
ਕਾਂਗਰਸੀ ਆਗੂ ਦੇ ਸ਼ੈਲਰ ਚੋਂ ਮਿਲਿਆ ਟਾਇਲੇਟ: ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਐਸਡੀਐਮ ਦੇ ਆਦੇਸ਼ਾਂ ਤੋਂ ਬਾਅਦ ਟਾਇਲੇਟ ਨੂੰ ਲੱਭਿਆ ਗਿਆ। ਮਾਮਲੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਸਦੀ ਜਾਂਚ ਕੀਤੀ। ਜਾਂਚ ਦੌਰਾਨ ਟਾਇਲੇਟ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਦੇ ਜਲੰਧਰ ਬਾਈਪਾਸ ਸਥਿਤ ਸ਼ੈਲਰ ਚੋਂ ਮਿਲਿਆ।
'ਕੇਸ ਦਰਜ ਕਰਨਾ ਰਾਜਨੀਤੀ ਬਦਲਾਖੋਰੀ ਦਾ ਨਤੀਜਾ': ਉੱਥੇ ਹੀ ਦੂਜੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਨੇ ਇਸ ਨੂੰ ਰਾਜਨੀਤੀਕ ਬਦਲਾਖੋਰੀ ਦੱਸਿਆ ਹੈ। ਉਨ੍ਹਾਂ ਮੁਤਾਬਿਕ ਨਿਗਮ ਵੱਲੋਂ ਇਕ ਹੀ ਟਾਇਲੇਟ ਚੁੱਕਿਆ ਗਿਆ ਸੀ ਦੂਜੇ ਨੂੰ ਉੱਥੇ ਹੀ ਛੱਡ ਦਿੱਤਾ ਸੀ। ਤਾਂ ਜੋ ਉਸ ਨੂੰ ਕੋਈ ਚੋਰੀ ਨਾ ਕਰ ਲਵੇ। ਜਿਸ ਕਾਰਨ ਉਨ੍ਹਾਂ ਨੇ ਇਸ ਸਬੰਧੀ ਨਿਗਮ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਸ਼ੈਲਰ ਚ ਰਖਵਾ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਬਦਲਾਖੋਰੀ ਦੇ ਚੱਲਦੇ ਇਹ ਸਭ ਕੁਝ ਕਰਵਾ ਰਹੀ ਹੈ ਤਾਂ ਜੋ ਉਹ ਉਸਦੀ ਨਗਰ ਕਾਉਂਸਲਰ ਦੇ ਪ੍ਰਧਾਨ ਦੀ ਕੁਰਸੀ ਨੂੰ ਖੋਹ ਲਿਆ ਜਾਵੇ।
ਇਹ ਵੀ ਪੜੋ: ਮਹਿੰਗਾਈ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਹਾਥੀ ’ਤੇ ਚੜ੍ਹੇ ਸਿੱਧੂ, ਲੋਕ ਹੋਏ ਪਰੇਸ਼ਾਨ