ਚੰਡੀਗੜ੍ਹ: ਇੱਕ ਪਾਸੇ ਸ਼ਨੀਵਾਰ ਸ਼ਾਮ ਨੂੰ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੇ ਨਵੇਂ ਪ੍ਰਧਾਨ (new President of Punjab Congress) ਨੂੰ ਲੈ ਕੇ ਚੱਲਦੀਆਂ ਚਰਚਾ ਨੂੰ ਵਿਰਾਮ ਦਿੱਤਾ ਹੈ, ਉਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਪੰਜਾਬ ਕਾਂਗਰਸ ਨੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਇਆ ਹੈ।
ਇਸ ਤੋਂ ਇਲਾਵਾਂ ਇਸ ਖ਼ਬਰ ਨੂੰ ਲੈ ਕੇ ਇਹ ਵੀ ਮੀਡਿਆ ਖ਼ਬਰਾਂ ਮੁਤਾਬਿਕ ਸਾਹਮਣੇ ਆ ਰਿਹਾ ਹੈ ਕਿ ਸੁਰਜੀਤ ਧੀਮਾਨ ਵੱਲੋਂ ਪਾਰਟੀ ਵਿਰੋਧੀ ਕੰਮ ਕਰਨ ਨੂੰ ਲੈ ਕੇ ਹੀ ਪੰਜਾਬ ਕਾਂਗਰਸ ਨੇ ਸੁਰਜੀਤ ਧੀਮਾਨ ਦੀ ਪਾਰਟੀ ਚੋਂ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।
ਸੁਰਜੀਤ ਧੀਮਾਨ ਨੇ ਰਾਜਾ ਵੜਿੰਗ ਦੀ ਪ੍ਰਧਾਨੀ ਨੂੰ ਲੈ ਕੇ ਚੁੱਕੇ ਸਵਾਲ
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਨਵੇਂ ਪ੍ਰਧਾਨ ਲੈ ਕੇ ਆਪਣਾ ਫ਼ੈਸਲਾ ਸਪੱਸ਼ਟ ਕਰ ਦਿੱਤਾ ਸੀ ਤੇ ਅਮਰਿੰਦਰ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਕਿ ਜਿਸ ਤੋਂ ਬਾਅਦ ਕਿ ਕਾਂਗਰਸ ਦੇ ਬਹੁਤ ਸਾਰੇ ਵਰਕਰਾਂ ਤੇ ਵਿਧਾਇਕਾਂ ਵਿੱਚ ਖੁਸ਼ੀ ਦੀ ਲਹਿਰ ਸੀ।
ਪਰ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਹਾਈਕਮਾਨ ਦੇ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆਏ ਸਨ, ਤੇ ਨਵਜੋਤ ਸਿੱਧੂ ਦੇ ਹੱਕ ਵਿੱਚ ਵਿਖਾਈ ਦਿੱਤੇ ਸਨ। ਇਸ ਤੋਂ ਇਲਾਵਾਂ ਸੁਰਜੀਤ ਧੀਮਾਨ ਨੇ ਇੱਕ ਚੈਨਲ ਦੇ ਮਾਧਿਅਮ ਰਾਹੀ ਕਿਹਾ ਸੀ ਕਿ ਕਾਂਗਰਸ ਨੂੰ ਤਜ਼ਰਬੇਕਾਰ ਲੀਡਰ ਨੂੰ ਪੰਜਾਬ ਪ੍ਰਧਾਨ ਬਣਾਉਣਾ ਚਾਹੀਦਾ ਸੀ ਤੇ ਉਨ੍ਹਾਂ ਨੇ ਰਾਜਾ ਵੜਿੰਗ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ।
ਰਾਜਾ ਵੜਿੰਗ ਬਣਿਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਪਣੇ ਨਵੇਂ ਪ੍ਰਧਾਨ ਦਾ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨਿਆ ਗਿਆ ਹੈ, ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਲਈ ਸੀਐਲਪੀ ਆਗੂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਸੀਐਲਪੀ ਲੀਡਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਬਣਾਇਆ ਗਿਆ ਹੈ। ਸੋ ਦੱਸ ਦਈਏ ਕਿ ਹੁਣ ਪ੍ਰਧਾਨ ਨੂੰ ਲੈ ਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਉਡੀਕਾਂ ਖ਼ਤਮ ਹੋ ਗਈਆਂ ਹਨ।
ਕਾਂਗਰਸ ਨੇ ਵਿਧਾਇਕ ਤਰਸੇਮ ਡੀਸੀ ਨੂੰ ਵੀ ਦਿਖਾਇਆ ਸੀ ਬਾਹਰ ਦਾ ਰਸਤਾ
ਕਾਂਗਰਸ ਨੇ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀਸੀ ਨੂੰ ਪਾਰਟੀ ’ਚੋਂ ਕੱਢ ਦਿੱਤਾ (Congress expelled MLA Tarsem DC) ਹੈ। ਪਾਰਟੀ ਵਿਰੋਧੀਆਂ ਗਤੀਵਿਧੀਆਂ ਨੂੰ ਲੈਕੇ ਵਿਧਾਇਕ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ।
ਪਿਛਲੇ ਦਿਨੀਂ ਕੇਵਲ ਢਿੱਲੋਂ ਨੂੰ ਵੀ ਦਿਖਾਇਆ ਸੀ ਬਾਹਰ ਦਾ ਰਸਤਾ
ਪਿਛਲੇ ਦਿਨੀਂ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਕਾਂਗਰਸ ਨੇ ਕੇਵਲ ਢਿੱਲੋਂ 'ਤੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਉਂਦਿਆਂ ਪਾਰਟੀ ਤੋਂ ਬਾਹਰ ਕੀਤਾ ਸੀ। ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਸੀ, ਜਿਸ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੇ ਦਸਤਖ਼ਤ ਸਨ।
ਕਾਂਗਰਸ ਪਾਰਟੀ ਵੱਲੋਂ ਕੱਢੇ ਜਾਣ ਦੇ ਮਾਮਲੇ 'ਤੇ ਬਰਨਾਲਾ ਦੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਸੀ ਕਿ ਜੋ ਵੀ ਮੀਡੀਆ ਅਤੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਪਾਰਟੀ ਲੈਟਰਹੈਂਡ 'ਤੇ ਮੇਰੇ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੋਈ ਵੀ ਪੱਤਰ ਜਾਂ ਚਿੱਠੀ ਅਧਿਕਾਰਤ ਤੌਰ ’ਤੇ ਮੈਨੂੰ ਨਹੀਂ ਮਿਲੀ। ਜੇਕਰ ਅਸਲੀਅਤ ਵਿੱਚ ਪਾਰਟੀ ਨੇ ਕੋਈ ਅਜਿਹਾ ਫ਼ੈਸਲਾ ਲਿਆ ਹੈ ਤਾਂ ਮੈਂ ਆਪਣੇ ਵਲੋਂ ਇਸਦਾ ਢੁੱਕਵਾਂ ਤੇ ਠੋਕਵਾਂ ਜਵਾਬ ਪਾਰਟੀ ਹਾਈਕਮਾਂਡ ਨੂੰ ਦੇਵਾਂਗਾ।
ਇਹ ਵੀ ਪੜੋ:- ਪਹਿਲੀ ਵਾਰ ਧੂਰੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਐਲਾਨ, ਕਿਹਾ...