ਚੰਡੀਗੜ੍ਹ : ਕਾਂਗਰਸ ਹਾਈਕਮਾਨ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਦੇਖਦੇ ਹੋਏ ਪੰਜਾਬ ਕਂਗਰਸ ਦੇ ਬੁਖੇੜੇ ਨੂੰ ਜਲਦ ਨਿਪਟਾਉਣ ਦੀ ਕੋਸ਼ਿਸ਼ ਵਿਚ ਹੈ ਤਾਂਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਪੂਰੀ ਤਿਆਰੀ ਨਾਲ ਉਤਰ ਸਕੇ। ਕਾਂਗਰਸ ਦੇ ਇਸੇ ਕਾਟੋ ਕਲੇਸ਼ ਨੂੰ ਦੇਖਦੇ ਹੋਏ ਹਾਈਕਮਾਨ ਨੇ ਪਹਿਲਾਂ ਤਿੰਨ ਮੈਂਬਰੀ ਕਮੇਟੀ ਬਣਾ ਸਾਰੇ ਵਿਧਾਇਕਾਂ ਤੇ ਸਾਂਸਦਾਂ ਦੇ ਵਿਚਾਰ ਸੁਣ ਉਪਰੰਤ ਨਵਜੋੇਤ ਸਿੱਧੂ ਤੇ CM ਕੈਪਟਨ ਅਮਰਿੰਦਰ ਸਿੰਘ ਦਾ ਪੱਖ ਸੁਣਿਆ। ਅੱਜ ਮੁੱਖ ਮੰਤਰੀ ਮੁੜ ਦਿੱਲੀ ਹਾਈਕਮਾਨ ਦੇ ਦਰਬਾਰ ਹਾਜ਼ਰੀ ਭਰਨ ਪੁੱਜੇ ਹਨ।
ਮੁੱਖ ਮੰਤਰੀ ਨੇ ਚਾਰ ਮੁੱਖ ਮੁੱਦਿਆਂ ਤੇ ਲੜੀ ਸੀ 2017 ਦੀ ਚੋਣ
ਇਥੇ ਦੱਸਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, 4 ਹਫ਼ਤਿਆਂ ਚ ਨਸ਼ਾ ਖ਼ਤਮ ਕਰਨ, ਘਰ-ਘਰ ਰੁਜ਼ਗਾਰ ਅਤੇ ਕਿਸਾਨਾਂ ਦਾ ਸਾਰਾ ਕਰਜ਼ ਮਾਫ਼ ਕਰਨ ਦੇ ਮੁੱਖ ਮੁੱਦਿਆਂ ਤੇ ਚੋਣ ਲੜ ਕੇ ਸਰਕਾਰ ਬਣਾਈ ਸੀ।
ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਹਰੇਕ ਮੁੱਦੇ ਨੂੰ ਲੈ ਕੇ SIT ਬਣਾਈ। ਬੇਅਦਬੀ ਮਾਮਲੇ ਚ ਬਣਾਈ ਗਈ SIT ਦੀ ਰਿਪੋਰਟ ਹਾਈਕੋਰਟ ਨੇ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵਿਚਾਲੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਰੰਜ ਜਾਗਣ ਲੱਗਾ ਤੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਕਿ 2022 ਦੀਆਂ ਚੋਣਾਂ ਦੌਰਾਨ ਉਹ ਲੋਕਾਂ ਵਿਚ ਕਿਹੜਾ ਮੂੰਹ ਲੈ ਕੇ ਜਾਣਗੇ।
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਨੂੰ ਲੈ ਕੇ ਵਖਰੇਵੇਂ ਵਧਦੇ ਗਏ
ਬੇਅਦਬੀ ਮਾਮਲੇ ਨੂੰ ਲੈ ਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਤਾਂ ਹੱਦ ਹੀ ਕਰ ਦਿੱਤੀ। ਉਨ੍ਹਾਂ ਟਵੀਟ ਵਾਰ ਜ਼ਰੀਏ ਮੁੱਖ ਮੰਤਰੀ ਨੂੰ ਸਿੱਧਾ ਨਿਸ਼ਾਨੇ ਤੇ ਲਿਆ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਮੁੱਖ ਮੰਤਰੀ ਦੋਸ਼ੀਆਂ ਨਾਲ ਰਲੇ ਹੋਏ ਹਨ।
ਮੰਤਰੀ ਤੇ ਸੂਬਾ ਪ੍ਰਧਾਨ ਤਕ ਅਸਤੀਫ਼ੇ ਦੀ ਪੇਸ਼ਕਸ਼ !
ਇਸੇ ਮੁੱਦੇ ਨੂੰ ਲੈ ਕੇ ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਸੂਬਾ ਕਾਂਗਰਸ ਪ੍ਰਧਾਨ ਨੇ ਅਸਤੀਫ਼ੇ ਤਕ ਦੀ ਪੇਸ਼ਕਸ਼ ਕਰ ਦਿੱਤੀ। ਇਸ ਤੋਂ ਬਾਅਦ ਇਹ ਕਾਂਗਰਸ ਅੰਦਰ ਲੱਗੀ ਚੰਗਿਆਰੀ ਹੌਲੀ ਹੌਲੀ ਭਾਂਬੜ ਦਾ ਰੂਪ ਧਾਰਨ ਕਰਨ ਲੱਗੀ।
ਕੈਪਟਨ ਨੇ ਨਵਜੋਤ ਸਿੱਧੂ ਨੂੰ ਆਪ ਖ਼ਿਲਾਫ਼ ਚੋਣ ਲੜਣ ਤਕ ਦਾ ਚੈਲਿੰਗ ਕਰ ਦਿੱਤਾ। ਸਿੱਧੂ ਨੇ ਵੀ ਮੰਨੀਏ ਤਾਂ ਚੈਲਿੰਜ਼ ਨੂੰ ਸਵਿਕਾਰਦਿਆਂ ਪਟਿਆਲਾ ਚ ਜਾ ਡੇਰੇ ਲਾਏ। ਵੱਖ ਵੱਖ ਸ਼ਹਿਰਾਂ ਵਿਚ ਪੋਸਟਰ ਵਾਰ ਵੀ ਸ਼ੁਰੂ ਹੋ ਗਈ।
ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਖਰੇਵੇਂ ਵਧਦੇ ਗਏ
ਇੰਨੇ ਘਟਨਾਕ੍ਰਮ ਤੋਂ ਬਾਅਦ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਖਰੇਵੇਂ ਵਧਦੇ ਗਏ ਜਿਸ ਤੋਂ ਹਾਈਕਮਾਨ ਦੀ ਚਿੰਤਾ ਵਧਣਾ ਸੁਭਾਵਿਕ ਸੀ। ਹਾਈਕਮਾਨ ਨੇ ਕਾਂਗਰਸ ਦੇ ਇਸ ਕਾਟੋਕਲੇਸ਼ ਨੂੰ ਦੂਰ ਅਤੇ ਸਿੱਧੂ- ਕੈਪਟਨ ਨੂੰ ਨੇੜੇ ਲਾਉਣ ਨੂੰ ਲੈ ਕੇ ਤਿੰਨ ਮੈਂਬਰ ਕਮੇਟੀ ਬਣਾਈ। ਸਾਰੇ ਵਿਧਾਇਕਾਂ, ਮੰਤਰੀਆਂ ਤੇ ਸਾਂਸਦਾਂ ਦੇ ਵਿਚਾਰ ਸੁਣੇ। ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ।
ਹਾਈਕਮਾਨ ਨੇ ਦੋਵਾਂ ਆਗੂਆਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼
ਜਦੋਂ ਤਿੰਨ ਮੈਂਬਰੀ ਕਮੇਟੀ ਤੋਂ ਵੀ ਕੋਈ ਗੱਲ ਨਾ ਬਣੀ ਤਾਂ ਉਨ੍ਹਾਂ ਪੂਰੀ ਰਿਪੋਰਟ ਹਾਈਕਮਾਨ ਨੂੰ ਸੌਂਪੀ ਤਾਂ ਹਾਈਕਮਾਨ ਨੇ ਦੋਵਾਂ ਆਗੂਆਂ ਨੂੰ ਕਈ ਵਾਰ ਆਪਣੇ ਦਰਬਾਰ ਹਾਜ਼ਰ ਹੋ ਕੇ ਗੱਲ ਕਹਿਣ ਲਈ ਬੁਲਾਇਆ। ਨਵਜੋਤ ਸਿੱਧੂ 2 ਤੋਂ 3 ਵਾਰ ਰਾਹੁਲ ਤੇ ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ ਨੂੰ ਮਿਲ ਕੇ ਆਏ ਜਿਨ੍ਹਾਂ ਨਾਲ ਸਿੱਧੂ ਨੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸਾਂਝੀਆਂ ਵੀ ਕੀਤੀ।
ਹਾਈਕਮਾਨ ਨੇ ਆਖ਼ਰ ਮੁੱਖ ਮੰਤਰੀ ਨੂੰ ਦਿੱਤਾ 18 ਨੁਕਾਤੀ ਪ੍ਰੋਗਰਾਮ
ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਵੱਲੋਂ ਸੌਂਪੀ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਨੂੰ ਵਿਧਾਇਕਾਂ ਤੇ ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ 18 ਨੁਕਾਤੀ ਪ੍ਰੋਗਰਾਮ ਦਿੱਤਾ ਪਰ ਉਸ ਤੇ ਵੀ ਕੋਈ ਅਮਲ ਨਾ ਹੋਇਆ । ਆਖ਼ਰ ਹਾਈਕਮਾਨ ਨੇ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਆਪਣੇ ਦਰਬਾਰ ਸੱਦ ਲਿਆ। ਮੁੱਖ ਮੰਤਰੀ ਵਿਸ਼ੇਸ਼ ਚੌਪਰ ਰਾਹੀਂ ਅੱਜ ਦੁਪਹਿਰ ਦਿੱਲੀ ਪਹੁੰਚੇ।
ਕੀ ਕਾਂਗਰਸ ਹਾਈਕਮਾਨ ਘਰੇਲੂ ਕਲੇਸ਼ ਨੂੰ ਕਲੀਨ ਸਵੀਪ ਕਰ ਸਕੇਗੀ ?
ਹੁਣ ਦੇਖਣਾ ਇਹ ਹੋੇਵੇਗਾ ਕਿ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਹਾਈਕਮਾਨ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਦੇ ਗਿਲੇਸ਼ਿਕਵੇ ਦੂਰ ਕਰ ਪਾਉਂਦੀ ਹੈ ਜਾਂ ਨਹੀਂ। ਕੀ ਹਾਈਕਮਾਨ ਸੂਬਾ ਕਾਂਗਰਸ ਵਿਚ ਜਥੇਬੰਦਕ ਢਾਂਚੇ ਚ ਫੇਰਬਦਲ ਕਰੇਗੀ, ਕੀ 2022 ਦੀਆਂ ਚੋਣਾਂ ਚ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਨੂੰ ਪੇਸ਼ ਕੀਤਾ ਜਾਵੇਗਾ ਜਾਂ ਨਵਜੋਤ ਸਿੱਧੂ ਨੂੰ।
ਇਹ ਵੀ ਪੜ੍ਹੋ : ਬਿਜਲੀ ਨਾਲ ਚੱਲਣ ਵਾਲੀ ਸਿਆਸਤ : CM ਕੈਪਟਨ ਨੇ ਕੇਜਰੀਵਾਲ ਨੂੰ ਦਿੱਤੇ ਝਟਕੇ