ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਕਿ ਨਗਦ ਕਰਜ਼ਾ ਹੱਦ (ਸੀ.ਸੀ.ਐਲ) ਸਬੰਧੀ ਸਾਰੇ ਵਿੱਤੀ ਇੰਤਜ਼ਾਮ ਸਮੇਂ ਸਿਰ ਪੂਰੇ ਕਰ ਲਏ ਜਾਣ ਤਾਂ ਜੋ ਸਾਉਣੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਿਸਾਨਾਂ ਨੂੰ ਸਮਾਂ ਰਹਿੰਦਿਆਂ ਅਦਾਇਗੀ ਕੀਤੀ ਜਾ ਸਕੇ।
ਸੂਬੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ ਹੀ ਸਾਉਣੀ ਮੰਡੀਕਰਨ ਸੀਜ਼ਨ ਮੌਕੇ ਵੀ ਕਿਸਾਨਾਂ ਨੂੰ ਅਦਾਇਗੀਆਂ, ਫ਼ਸਲ ਦੀ ਖ਼ਰੀਦ 48 ਘੰਟਿਆਂ ਅੰਦਰ ਯਕੀਨੀ ਬਣਾਈਆਂ ਜਾਣ। ਉਨ੍ਹਾਂ ਖੁਰਾਕ ਵਿਭਾਗ ਨੂੰ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਇਹ ਨਿਸ਼ਚਤ ਕਰਨ ਲਈ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਦਾਇਗੀਆਂ ਸਮੇਂ ਸਿਰ ਪੁੱਜਦੀਆਂ ਹੋ ਜਾਣ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਯਕੀਨੀ ਬਣਾਉਣ ਹਿੱਤ ਹੋਰ ਜ਼ਿਆਦਾ ਮੰਡੀਆਂ ਖੋਲ੍ਹਣ ਲਈ ਸਬੰਧਿਤ ਅਥਾਰਟੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਕਣਕ ਦੀ ਖ਼ਰੀਦ ਪ੍ਰਕਿਰਿਆ ਵਾਂਗ ਹੀ ਮਹਾਂਮਾਰੀ ਦੇ ਬਾਵਜੂਦ ਝੋਨੇ ਦੀ ਖ਼ਰੀਦ ਪ੍ਰਕਿਰਿਆ ਵੀ ਨਿਰਵਿਘਨ ਨੇਪਰੇ ਚੜ੍ਹ ਸਕੇ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਕੋਲਕਾਤਾ ਦੀਆਂ ਬਾਰਦਾਨਾ ਤਿਆਰ ਕਰਨ ਵਾਲੀਆਂ ਮਿੱਲਾਂ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਨਹੀਂ ਕਰ ਪਾ ਰਹੀਆਂ ਜਿਸ ਕਰਕੇ ਬਾਰਦਾਨੇ ਦੀ ਸਪਲਾਈ 'ਤੇ ਅਸਰ ਪੈ ਰਿਹਾ ਹੈ।
ਮੁੱਖ ਮੰਤਰੀ ਨੇ ਵਿਭਾਗ ਨੂੰ ਇੱਕ ਵਾਰ ਵਰਤੇ ਜਾ ਚੁੱਕੇ ਬਾਰਦਾਨੇ ਦੇ ਮੁੜ ਇਸਤੇਮਾਲ ਅਤੇ ਇਸ ਤੋਂ ਇਲਾਵਾ ਐਚ.ਡੀ.ਪੀ.ਈ. (ਪਲਾਸਟਿਕ) ਥੈਲੇ ਇਸਤੇਮਾਲ ਕਰਨ ਦੀ ਸੰਭਾਵਨਾ ਵੀ ਵਿਚਾਰਨ ਲਈ ਕਿਹਾ।