ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਪੰਜਾਬ ਵਿੱਚ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ। ਪੰਜਾਬ ਦੀਆਂ ਚੋਣਾਂ ਇਤਿਹਾਸਿਕ ਹੋਣ ਜਾ ਰਹੀਆਂ ਹਨ। ਇੰਨ੍ਹਾਂ ਚੋਣਾਂ ਵਿੱਚ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਮੁੜ ਮੈਦਾਨ ਵਿੱਚ ਹਨ।
94 ਸਾਲ ਦੀ ਉਮਰ ’ਚ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ ’ਚ
94 ਸਾਲ ਦੀ ਉਮਰ ਵਿੱਚ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ( Parkash Singh Badal ) ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਿਛਲੇ ਦਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੇਸ਼ ਵਿੱਚ ਕਿਸੇ ਵੀ ਚੋਣ ਵਿੱਚ ਸਭ ਤੋਂ ਵੱਧ ਉਮਰ ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀਐਸ ਅਚੁਤਾਨੰਦਨ ਦੇ ਨਾਂ ਸੀ। ਉਨ੍ਹਾਂ ਨੇ 92 ਸਾਲ ਦੀ ਉਮਰ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ।
ਪੰਜਾਬ ਦੀ ਸਿਆਸਤ ਦੇ ਤਜਰਬੇਕਾਰ ਖਿਡਾਰੀ
ਅਕਸਰ ਹੀ ਪੰਜਾਬ ਦੇ ਸਿਆਸੀ ਗਲਿਆਰਿਆਂ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਵੱਡੀ ਗਿਣਤੀ ਵਿੱਚ ਸੂਬੇ ਦੇ ਲੋਕ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਤਜ਼ਰਬੇਕਾਰ ਖਿਡਾਰੀ ਮੰਨਦੇ ਹਨ।
ਅਕਾਲੀ ਦਲ ਨੂੰ 2017 ਦੀਆਂ ਵਿਧਾਨਸਭਾ ਚੋਣਾਂ ਚ ਕਰਨਾ ਪਿਆ ਸੀ ਹਾਰ ਦਾ ਸਾਹਮਣਾ
2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਰ ਦਾ ਵੱਡਾ ਕਾਰਨ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਸਾਲ 2015 ਵਿੱਚ ਵਾਪਰੀ ਬੇਅਦਬੀ ਦਾ ਘਟਨਾ ਨੂੰ ਮੰਨਿਆ ਜਾ ਰਿਹਾ ਹੈ। ਜਿਸਦੇ ਚੱਲਦੇ 2017 ਦੀਆਂ ਚੋਣਾਂ ਵਿੱਚ 15 ਸੀਟਾਂ ਨਾਲ ਹੀ ਸਾਰਨਾ ਪਿਆ ਸੀ। ਸੀਟਾਂ ਘੱਟ ਮਿਲਣ ਦੇ ਚੱਲਦੇ ਅਕਾਲੀ ਦਲ ਨੂੰ ਵਿਰੋਧੀ ਧਿਰ ਵੀ ਨਸੀਬ ਨਹੀਂ ਹੋਈ।
ਖੁੱਸਦਾ ਆਧਾਰ ਪਾਉਣ ਲਈ ਉਤਾਰਿਆ ਚੋਣ ਮੈਦਾਨ ’ਚ ?
ਇਸ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਲਗਾਤਾਰ ਮੁਸ਼ਕਿਲ ਦੇ ਦੌਰ ਵਿੱਚ ਗੁਜਰਨਾ ਪਿਆ। ਇਸਦੇ ਚੱਲਦੇ ਹੀ ਹੁਣ ਅਕਾਲੀ ਦਲ ਨੇ ਆਪਣਾ ਖੁੱਸਦਾ ਆਧਾਰ ਦੁਬਾਰਾ ਤੋਂ ਪਾਉਣ ਦੇ ਮਕਸਦ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਕਿ ਆਪਣਾ ਖੁੱਸਿਆ ਆਧਾਰ ਵਾਪਸ ਹਾਸਿਲ ਕੀਤਾ ਜਾ ਸਕੇ।
ਪੰਜਾਬ ਵਾਰ ਰਹਿ ਚੁੱਕੇ ਨੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਦਹਾਕਿਆਂ ਤੋਂ ਉਹ ਪਾਰਟੀ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਕਾਫੀ ਉੱਭਰ ਕੇ ਵੀ ਸਾਹਮਣੇ ਆਇਆ।
10 ਵਾਰ ਜਿੱਤ ਚੁੱਕੇ ਨੇ ਵਿਧਾਨਸਭਾ ਚੋਣਾਂ
ਪ੍ਰਕਾਸ਼ ਸਿੰਘ ਬਾਦਲ 10 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਉਹ 1957 ਦੀਆਂ ਚੋਣਾਂ ਜਿੱਤਣ ਤੋਂ ਇਲਾਵਾ 1969 ਤੋਂ ਲਗਾਤਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਦੇ ਆ ਰਹੇ ਹਨ। ਉਹ 1992 ਵਿੱਚ ਸਿਰਫ ਇੱਕ ਵਾਰ ਵਿਧਾਨ ਸਭਾ ਦੇ ਮੈਂਬਰ ਨਹੀਂ ਬਣੇ ਸਨ। ਇਸਦੇ ਨਾਲ ਹੀ ਉਨ੍ਹਾਂ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।
ਲੰਬੀ ਹਲਕੇ ਤੋਂ ਲੜਨਗੇ ਚੋਣ
ਹੁਣ ਪੰਜਾਬ ਵਿਧਾਨਸਭਾ ਚੋਣ 2022 (Punjab Assembly Election 2022) ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਲੜਨਗੇ। ਹਾਲਾਂਕਿ ਉਨ੍ਹਾਂ ਦੀ ਸਿਹਤ ਵਿਗੜਦੀ ਰਹਿੰਦੀ ਹੈ ਅਤੇ ਉਹ ਆਪਣਾ ਰੂਟੀਨ ਚੈਕਅੱਪ ਵੀ ਕਰਵਾਉਂਦੇ ਰਹਿੰਦੇ ਹਨ। ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।
ਇਹ ਵੀ ਪੜ੍ਹੋ: ਸਿਆਸਤ ’ਚ ਪਰਿਵਾਰਵਾਦ ਦੇ ਅੰਤ ਵੱਲ ਪੰਜਾਬ ਦੀ ਚੰਗੀ ਸ਼ੁਰੂਆਤ !